ਚੰਡੀਗੜ੍ਹ — ਮੁਅੱਤਲ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਇਕ ਹੋਰ ਗੰਭੀਰ ਕਾਰਵਾਈ ਕੀਤੀ ਗਈ ਹੈ। ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਉਨ੍ਹਾਂ ਉੱਤੇ ਆਮਦਨ ਤੋਂ ਵੱਧ ਸੰਪਤੀ ਇਕੱਠੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਭੁੱਲਰ ਖ਼ਿਲਾਫ਼ ਦਰਜ ਕੀਤਾ ਗਿਆ ਤੀਜਾ ਕੇਸ ਹੈ, ਜਿਸ ਨਾਲ ਉਨ੍ਹਾਂ ਦੀਆਂ ਕਾਨੂੰਨੀ ਮੁਸ਼ਕਲਾਂ ਹੋਰ ਗਹਿਰੀਆਂ ਹੋ ਗਈਆਂ ਹਨ।
ਮਿਲੀ ਜਾਣਕਾਰੀ ਮੁਤਾਬਕ, ਵਿਜੀਲੈਂਸ ਦੀ ਟੀਮ ਨੇ ਛਾਨਬੀਨ ਦੌਰਾਨ ਭੁੱਲਰ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੀਆਂ ਵਿੱਤੀ ਗਤੀਵਿਧੀਆਂ ਦੀ ਵਿਸਥਾਰ ਨਾਲ ਜਾਂਚ ਕੀਤੀ। ਜਾਂਚ ਦੌਰਾਨ ਕਈ ਐਸੀ ਜਾਇਦਾਦਾਂ ਅਤੇ ਨਿਵੇਸ਼ਾਂ ਦੇ ਸਬੂਤ ਮਿਲੇ ਜੋ ਉਨ੍ਹਾਂ ਦੀ ਸਰਕਾਰੀ ਆਮਦਨ ਨਾਲ ਮੇਲ ਨਹੀਂ ਖਾਂਦੇ। ਇਸ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਸੰਪਤੀ ਦਾ ਮਾਮਲਾ ਦਰਜ ਕਰ ਦਿੱਤਾ।
ਯਾਦ ਰਹੇ ਕਿ ਭੁੱਲਰ ਇਸ ਵੇਲੇ ਨਿਆਂਕ ਹਿਰਾਸਤ ਵਿੱਚ ਹਨ ਅਤੇ ਉਨ੍ਹਾਂ ਦਾ 14 ਦਿਨਾਂ ਦਾ ਜੁਡੀਸ਼ੀਅਲ ਰਿਮਾਂਡ ਅੱਜ ਸਮਾਪਤ ਹੋ ਰਿਹਾ ਹੈ। ਉਨ੍ਹਾਂ ਨੂੰ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਗੌਰਤਲਬ ਹੈ ਕਿ ਡੀ.ਆਈ.ਜੀ. ਭੁੱਲਰ ਨੂੰ 16 ਅਕਤੂਬਰ ਨੂੰ ਸੀਬੀਆਈ ਦੀ ਐਂਟੀ ਕਰਪਸ਼ਨ ਯੂਨਿਟ ਨੇ ਰਿਸ਼ਵਤ ਲੈਣ ਦੇ ਦੋਸ਼ਾਂ ‘ਤੇ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰੀ ਤੋਂ ਬਾਅਦ ਹੋਈ ਤਲਾਸ਼ੀ ਦੌਰਾਨ ਉਨ੍ਹਾਂ ਦੇ ਘਰ ਤੋਂ ਕਰੋੜਾਂ ਰੁਪਏ ਨਕਦ ਅਤੇ ਕਈ ਕੀਮਤੀ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਖ਼ਿਲਾਫ਼ ਆਮਦਨ ਤੋਂ ਵੱਧ ਸੰਪਤੀ ਦਾ ਮਾਮਲਾ ਵੀ ਦਰਜ ਕੀਤਾ ਗਿਆ ਸੀ। ਹੁਣ ਵਿਜੀਲੈਂਸ ਦੀ ਇਹ ਨਵੀਂ ਕਾਰਵਾਈ ਉਨ੍ਹਾਂ ਲਈ ਕਾਨੂੰਨੀ ਮੋਰਚੇ ‘ਤੇ ਹੋਰ ਪਰੇਸ਼ਾਨੀਆਂ ਖੜੀਆਂ ਕਰ ਰਹੀ ਹੈ।


