ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤੀ ਹੈ। ਹਾਲਾਂਕਿ ਹੁਣ ਹੜ੍ਹ ਦਾ ਪਾਣੀ ਹੌਲੀ-ਹੌਲੀ ਘੱਟਣਾ ਸ਼ੁਰੂ ਹੋ ਗਿਆ ਹੈ ਪਰ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਹਾਲੇ ਕੋਈ ਵੱਡੀ ਕਮੀ ਨਹੀਂ ਆਈ। ਰਾਜ ਦੇ ਸਿਹਤ ਵਿਭਾਗ ਵੱਲੋਂ ਬਿਮਾਰੀਆਂ ਦੇ ਖ਼ਤਰੇ ਨੂੰ ਲੈ ਕੇ ਗੰਭੀਰ ਚੇਤਾਵਨੀ ਜਾਰੀ ਕੀਤੀ ਗਈ ਹੈ।
ਵਿਭਾਗ ਨੇ ਦੱਸਿਆ ਹੈ ਕਿ ਲੰਬੇ ਸਮੇਂ ਤੱਕ ਖੜ੍ਹੇ ਹੜ੍ਹ ਦੇ ਪਾਣੀ ਕਾਰਨ ਚਮੜੀ ਦੇ ਰੋਗ, ਪਾਣੀ ਅਤੇ ਭੋਜਨ ਨਾਲ ਸੰਬੰਧਤ ਬਿਮਾਰੀਆਂ ਜਿਵੇਂ ਕਿ ਡੇਂਗੂ, ਹੈਜ਼ਾ, ਟਾਈਫਾਈਡ, ਦਸਤ ਅਤੇ ਹੈਪੇਟਾਈਟਸ-ਏ ਤੇ ਈ ਦੇ ਫੈਲਣ ਦਾ ਸੰਭਾਵਨਾ ਕਾਫ਼ੀ ਵੱਧ ਗਈ ਹੈ। ਇਸਦੇ ਨਾਲ ਹੀ, ਸਾਫ਼ ਪੀਣ ਵਾਲੇ ਪਾਣੀ ਦੀ ਘਾਟ, ਅਸੁਰੱਖਿਅਤ ਖਾਣਾ, ਸਫ਼ਾਈ ਸਹੂਲਤਾਂ ਦੀ ਕਮੀ ਅਤੇ ਗੰਦੇ ਪਾਣੀ ਦੇ ਸੰਪਰਕ ਨਾਲ ਲੋਕਾਂ ਦੀ ਸਿਹਤ ‘ਤੇ ਗੰਭੀਰ ਅਸਰ ਪੈ ਸਕਦਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਆਮ ਪਾਣੀ ਦੇ ਸਰੋਤ ਵੀ ਪੀਣ ਲਈ ਸੁਰੱਖਿਅਤ ਨਹੀਂ ਰਹੇ।
ਪੰਜਾਬ ਵਿੱਚ ਹੜ੍ਹਾਂ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 48 ਤੱਕ ਪਹੁੰਚ ਗਈ ਹੈ, ਜਦੋਂ ਕਿ ਕਰੀਬ 1.76 ਲੱਖ ਹੈਕਟੇਅਰ ਖੇਤਰ ਵਿੱਚ ਖੜ੍ਹੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਹਨ।
ਭਾਖੜਾ ਡੈਮ ਵਿੱਚ ਪਾਣੀ ਦੀ ਸਥਿਤੀ
ਅੱਜ 8 ਸਤੰਬਰ 2025 ਨੂੰ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1677.39 ਫੁੱਟ ਦਰਜ ਕੀਤਾ ਗਿਆ ਹੈ। ਗੋਬਿੰਦ ਸਾਗਰ ਝੀਲ ਵਿੱਚ ਖਤਰੇ ਦਾ ਨਿਸ਼ਾਨ 1680 ਫੁੱਟ ‘ਤੇ ਹੈ। ਇਸ ਵੇਲੇ ਡੈਮ ਖਤਰੇ ਦੇ ਪੱਧਰ ਤੋਂ ਕਰੀਬ 2.60 ਫੁੱਟ ਹੇਠਾਂ ਹੈ।
ਭਾਖੜਾ ਡੈਮ ਦੇ 4 ਫਲੱਡ ਗੇਟ ਸੱਤ-ਸੱਤ ਫੁੱਟ ਤੱਕ ਖੋਲ੍ਹੇ ਗਏ ਹਨ। ਡੈਮ ਵਿੱਚ ਪਾਣੀ ਦੀ ਆਮਦ 55,388 ਕਿਊਸਿਕ ਹੈ, ਜਦੋਂ ਕਿ ਟਰਬਾਈਨਾਂ ਅਤੇ ਗੇਟਾਂ ਰਾਹੀਂ ਕੁੱਲ 66,863 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਨੰਗਲ ਡੈਮ ਤੋਂ ਵੀ ਵੱਖ-ਵੱਖ ਨਹਿਰਾਂ ਅਤੇ ਸਤਲੁਜ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਇਸ ਵੇਲੇ ਨੰਗਲ ਹਾਈਡਲ ਨਹਿਰ ਅਤੇ ਆਨੰਦਪੁਰ ਹਾਈਡਲ ਨਹਿਰ ਵਿੱਚ 9,000-9,000 ਕਿਊਸਿਕ ਪਾਣੀ ਵਗ ਰਿਹਾ ਹੈ। ਜਦੋਂ ਕਿ ਸਤਲੁਜ ਦਰਿਆ ਵਿੱਚ 47,000 ਕਿਊਸਿਕ ਪਾਣੀ ਦਾ ਪ੍ਰਭਾਹ ਦਰਜ ਕੀਤਾ ਗਿਆ ਹੈ।
ਕੱਲ੍ਹ ਤੋਂ ਖੁੱਲ੍ਹਣਗੇ ਸਕੂਲ ਤੇ ਕਾਲਜ
ਹੜ੍ਹਾਂ ਕਾਰਨ ਪਿਛਲੇ ਕਈ ਦਿਨਾਂ ਤੋਂ ਬੰਦ ਪਏ ਸਕੂਲ ਅਤੇ ਕਾਲਜਾਂ ਬਾਰੇ ਰਾਜ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੱਡੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਆਪਣੇ ਐਕਸ (ਪਹਿਲਾਂ ਟਵਿੱਟਰ) ਹੈਂਡਲ ‘ਤੇ ਦੱਸਿਆ ਕਿ 9 ਸਤੰਬਰ ਤੋਂ ਸੂਬੇ ਦੇ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਏਡਿਡ ਸਕੂਲਾਂ ਦੇ ਨਾਲ ਕਾਲਜ ਅਤੇ ਯੂਨੀਵਰਸਿਟੀਆਂ ਮੁੜ ਆਮ ਤਰ੍ਹਾਂ ਖੁੱਲ੍ਹ ਜਾਣਗੀਆਂ।
ਜੇਕਰ ਕੋਈ ਸਕੂਲ ਜਾਂ ਕਾਲਜ ਹੜ੍ਹਾਂ ਨਾਲ ਬਹੁਤ ਪ੍ਰਭਾਵਿਤ ਹੈ, ਤਾਂ ਉਸਨੂੰ ਬੰਦ ਰੱਖਣ ਦਾ ਫ਼ੈਸਲਾ ਉਸ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਕੀਤਾ ਜਾਵੇਗਾ। ਖ਼ਾਸ ਤੌਰ ‘ਤੇ ਸਰਕਾਰੀ ਸਕੂਲਾਂ ਵਿੱਚ 9 ਸਤੰਬਰ ਤੋਂ ਕਲਾਸਾਂ ਸ਼ੁਰੂ ਹੋਣਗੀਆਂ।
ਸਿੱਖਿਆ ਮੰਤਰੀ ਨੇ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਇਮਾਰਤਾਂ ਤੇ ਕਲਾਸਰੂਮ ਪੂਰੀ ਤਰ੍ਹਾਂ ਸੁਰੱਖਿਅਤ ਹੋਣ, ਤਾਂ ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਜਾਨ ਨੂੰ ਕੋਈ ਖ਼ਤਰਾ ਨਾ ਹੋਵੇ।
ਇਸਦੇ ਨਾਲ ਹੀ, ਅੱਜ 8 ਸਤੰਬਰ ਨੂੰ ਸਾਰੇ ਸਰਕਾਰੀ ਸਕੂਲ ਵਿਦਿਆਰਥੀਆਂ ਲਈ ਬੰਦ ਰਹਿਣਗੇ। ਹਾਲਾਂਕਿ ਅਧਿਆਪਕ ਸਕੂਲਾਂ ਵਿੱਚ ਹਾਜ਼ਰ ਰਹਿਣਗੇ ਅਤੇ ਸਾਫ਼-ਸਫ਼ਾਈ ਦਾ ਕੰਮ ਐਸਐਮਸੀ, ਪੰਚਾਇਤਾਂ, ਨਗਰ ਕੌਂਸਲਾਂ ਅਤੇ ਕਾਰਪੋਰੇਸ਼ਨਾਂ ਦੀ ਸਹਾਇਤਾ ਨਾਲ ਕੀਤਾ ਜਾਵੇਗਾ।