ਪੰਜਾਬ ਸਰਕਾਰ ਨੇ ਰਾਜ ਦੇ ਹਰੇਕ ਨਾਗਰਿਕ ਲਈ ਸਿਹਤ ਸੇਵਾਵਾਂ ਨੂੰ ਹੋਰ ਸੁਗਮ ਅਤੇ ਪਹੁੰਚਯੋਗ ਬਣਾਉਣ ਵੱਲ ਇਤਿਹਾਸਕ ਕਦਮ ਚੁੱਕਦਿਆਂ ‘ਮੁੱਖ ਮੰਤਰੀ ਸਿਹਤ ਯੋਜਨਾ’ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਮੰਗਲਵਾਰ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਚੰਡੀਗੜ੍ਹ ਸਥਿਤ ਰਾਜ ਸਿਹਤ ਏਜੰਸੀ (SHA) ਦਫ਼ਤਰ ਤੋਂ ਆਨਲਾਈਨ ਉਦਘਾਟਨ ਕਰਦੇ ਹੋਏ ਇਸ ਮਹੱਤਵਾਕਾਂਸ਼ੀ ਯੋਜਨਾ ਨੂੰ ਲਾਂਚ ਕੀਤਾ। ਇਸ ਯੋਜਨਾ ਅਧੀਨ ਸੂਬੇ ਦੇ ਲਗਭਗ 3 ਕਰੋੜ ਵਸਨੀਕਾਂ ਨੂੰ 10 ਲੱਖ ਰੁਪਏ ਤੱਕ ਦੇ ਨਕਦੀ ਰਹਿਤ (Cashless) ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਸ਼ੁਰੂਆਤ ਤਰਨਤਾਰਨ ਤੇ ਬਰਨਾਲਾ ਤੋਂ
ਇਸ ਪ੍ਰੋਜੈਕਟ ਦੀ ਪਹਿਲੀ ਪੜਾਅ ਸ਼ੁਰੂਆਤ ਤਰਨਤਾਰਨ ਅਤੇ ਬਰਨਾਲਾ ਜ਼ਿਲ੍ਹਿਆਂ ਤੋਂ ਕੀਤੀ ਗਈ ਹੈ। ਰਜਿਸਟ੍ਰੇਸ਼ਨ ਦੇ ਪਹਿਲੇ ਦਿਨ ਹੀ 1,480 ਪਰਿਵਾਰਾਂ ਨੇ ਆਪਣਾ ਨਾਂ ਦਰਜ ਕਰਵਾਇਆ, ਜੋ ਕਿ ਲੋਕਾਂ ਦੇ ਵੱਡੇ ਉਤਸ਼ਾਹ ਨੂੰ ਦਰਸਾਉਂਦਾ ਹੈ। ਕੈਬਿਨੇਟ ਮੰਤਰੀ ਡਾ. ਬਲਬੀਰ ਸਿੰਘ ਨਾਲ ਪ੍ਰਮੁੱਖ ਸਕੱਤਰ ਸਿਹਤ ਕੁਮਾਰ ਰਾਹੁਲ ਅਤੇ SHA ਦੇ ਸੀਈਓ ਸੰਯਮ ਅਗਰਵਾਲ ਵੀ ਮੌਜੂਦ ਸਨ। ਉਨ੍ਹਾਂ ਨੇ ਦੱਸਿਆ ਕਿ ਆਮ ਲੋਕਾਂ ਲਈ ਸੁਚਾਰੂ ਅਤੇ ਆਸਾਨ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਲਈ ਦੋਹਾਂ ਜ਼ਿਲ੍ਹਿਆਂ ਵਿੱਚ ਵਿਸ਼ਾਲ ਕੈਂਪ ਲਗਾਏ ਗਏ ਹਨ। ਜਲਦੀ ਹੀ ਇਹ ਯੋਜਨਾ ਪੂਰੇ ਪੰਜਾਬ ਵਿੱਚ ਲਾਗੂ ਕਰ ਦਿੱਤੀ ਜਾਵੇਗੀ।
ਲਾਭਪਾਤਰੀਆਂ ਨੂੰ ਮਿਲਣਗੀਆਂ ਪ੍ਰੀਮੀਅਮ ਸਿਹਤ ਸੇਵਾਵਾਂ
ਇਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ 500 ਤੋਂ ਵੱਧ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਕੈਸ਼ਲੈੱਸ ਇਲਾਜ ਦੀ ਸਹੂਲਤ ਮਿਲੇਗੀ। ਇਸ ਯੋਜਨਾ ਵਿੱਚ 2300 ਤੋਂ ਵੱਧ ਸਿਹਤ ਪੈਕੇਜਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਵੱਡੀਆਂ ਸਰਜਰੀਆਂ, ਹਾਦਸਿਆਂ ਤੋਂ ਬਾਅਦ ਇਲਾਜ, ਕੈਂਸਰ, ਦਿਲ ਦੇ ਰੋਗ, ਡਾਇਬਟੀਜ਼, ਗੁਰਦੇ ਦੀ ਬਿਮਾਰੀ, ਮਾਤਾ-ਸ਼ਿਸ਼ੁ ਸੇਵਾਵਾਂ ਅਤੇ ਹੋਰ ਕਈ ਗੰਭੀਰ ਬਿਮਾਰੀਆਂ ਦੇ ਇਲਾਜ ਨੂੰ ਕਵਰ ਕੀਤਾ ਗਿਆ ਹੈ। ਇਸ ਨਾਲ ਹਰ ਆਮ ਤੇ ਗਰੀਬ ਪਰਿਵਾਰ ਨੂੰ ਵੀ ਬਿਨਾਂ ਵਿੱਤੀ ਚਿੰਤਾ ਦੇ ਉੱਚ ਗੁਣਵੱਤਾ ਵਾਲਾ ਇਲਾਜ ਮਿਲ ਸਕੇਗਾ।
ਰਜਿਸਟ੍ਰੇਸ਼ਨ ਦੀ ਸੌਖੀ ਪ੍ਰਕਿਰਿਆ
ਯੋਜਨਾ ਦਾ ਲਾਭ ਲੈਣ ਲਈ ਵੋਟਰ ਆਈ.ਡੀ. ਕਾਰਡ ਅਤੇ ਆਧਾਰ ਕਾਰਡ ਹੀ ਲੋੜੀਂਦੇ ਦਸਤਾਵੇਜ਼ ਹਨ। ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਲਈ ਕਿਸੇ ਵੀ ਆਮਦਨ ਸੀਮਾ ਦੀ ਸ਼ਰਤ ਨਹੀਂ ਹੈ। ਹਰ ਪੰਜਾਬੀ ਨਾਗਰਿਕ, ਭਾਵੇਂ ਉਹ ਕਿਸੇ ਵੀ ਆਰਥਿਕ ਵਰਗ ਨਾਲ ਸੰਬੰਧਤ ਹੋਵੇ, ਇਸ ਯੋਜਨਾ ਹੇਠ ਆਪਣਾ ਨਾਮ ਦਰਜ ਕਰਵਾ ਸਕਦਾ ਹੈ। ਰਜਿਸਟ੍ਰੇਸ਼ਨ ਲਈ ਲੋਕ ਨਿਰਧਾਰਤ ਕੈਂਪਾਂ, ਸਿਵਾ ਕੇਂਦਰਾਂ ਅਤੇ ਆਨਲਾਈਨ ਮਾਧਿਅਮਾਂ ਰਾਹੀਂ ਅਰਜ਼ੀ ਦੇ ਸਕਦੇ ਹਨ।
ਲੋਕਾਂ ਲਈ ਵੱਡਾ ਫ਼ਾਇਦਾ
ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਯੋਜਨਾ ਸੂਬੇ ਦੇ ਹਰ ਨਾਗਰਿਕ ਨੂੰ ਆਰਥਿਕ ਰੁਕਾਵਟ ਤੋਂ ਮੁਕਤ ਸਿਹਤ ਸੁਰੱਖਿਆ ਦੇਣ ਦੀ ਦਿਸ਼ਾ ਵਿੱਚ ਇਤਿਹਾਸਕ ਕਦਮ ਹੈ। ਜਿਹੜੇ ਪਰਿਵਾਰ ਪਹਿਲਾਂ ਮਹਿੰਗੇ ਇਲਾਜ ਦੇ ਕਾਰਨ ਹਸਪਤਾਲਾਂ ਤੱਕ ਨਹੀਂ ਪਹੁੰਚ ਸਕਦੇ ਸਨ, ਹੁਣ ਉਹ ਬਿਨਾਂ ਕਿਸੇ ਖਰਚੇ ਦੇ ਉੱਚ ਪੱਧਰੀ ਸਿਹਤ ਸਹੂਲਤਾਂ ਦਾ ਲਾਭ ਲੈ ਸਕਣਗੇ।
ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜਿਵੇਂ-ਜਿਵੇਂ ਯੋਜਨਾ ਦਾ ਵਿਸਥਾਰ ਪੂਰੇ ਰਾਜ ਵਿੱਚ ਹੋਵੇਗਾ, ਹਰ ਪੰਜਾਬੀ ਦੇ ਦਰਵਾਜ਼ੇ ਤੱਕ ਸਿਹਤ ਬੀਮੇ ਦੀ ਸਹੂਲਤ ਪਹੁੰਚਾਈ ਜਾਵੇਗੀ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਸਕੀਮ ਨਾ ਸਿਰਫ਼ ਗਰੀਬ ਪਰਿਵਾਰਾਂ ਲਈ ਜੀਵਨ ਰੱਖਿਆ ਸਾਬਤ ਹੋਵੇਗੀ, ਸਗੋਂ ਪੰਜਾਬ ਵਿੱਚ ਸਿਹਤ ਪ੍ਰਣਾਲੀ ਨੂੰ ਨਵੀਂ ਦਿਸ਼ਾ ਵੀ ਦੇਵੇਗੀ।
ਇਸ ਯੋਜਨਾ ਨਾਲ ਪੰਜਾਬ ਦੇ 3 ਕਰੋੜ ਲੋਕਾਂ ਨੂੰ ਵੱਡੀ ਆਰਥਿਕ ਰਾਹਤ ਮਿਲਣ ਦੀ ਉਮੀਦ ਹੈ, ਕਿਉਂਕਿ ਹੁਣ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਨਿੱਜੀ ਖਰਚ ਕਰਨ ਦੀ ਲੋੜ ਨਹੀਂ ਰਹੇਗੀ।