ਚੰਡੀਗੜ੍ਹ : ਪੰਜਾਬ ਸਰਕਾਰ ਨੇ ਥੈਲੇਸੀਮੀਆ ਪੀੜਤ ਮਰੀਜ਼ਾਂ ਲਈ ਵੱਡਾ ਫ਼ੈਸਲਾ ਲਿਆ ਹੈ। ਹੁਣ ਸੂਬੇ ਵਿੱਚ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਅਤੇ ਹੋਰ ਮਰੀਜ਼ਾਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ। ਬੋਨ ਮੈਰੋ ਟਰਾਂਸਪਲਾਂਟ (BMT) ਲਈ ਲੱਗਣ ਵਾਲੇ 10 ਲੱਖ ਰੁਪਏ ਦਾ ਖ਼ਰਚਾ ਸਰਕਾਰ ਖ਼ੁਦ ਚੁੱਕੇਗੀ।
ਮਰੀਜ਼ ਇਸ ਸਕੀਮ ਦਾ ਲਾਭ ਲੈਣ ਲਈ ਸਰਕਾਰੀ ਪੋਰਟਲ ‘ਤੇ ਅਰਜ਼ੀ ਦੇ ਸਕਣਗੇ। ਇਸ ਲਈ ਸਰਕਾਰ ਨੇ CMC ਲੁਧਿਆਣਾ ਨਾਲ ਸਮਝੌਤਾ ਕੀਤਾ ਹੈ। ਸੂਬੇ ਵਿੱਚ ਇਸ ਵੇਲੇ ਇੱਕ ਹਜ਼ਾਰ ਤੋਂ ਵੱਧ ਥੈਲੇਸੀਮੀਆ ਮਰੀਜ਼ ਹਨ ਅਤੇ ਉਨ੍ਹਾਂ ਦੀ ਸਹੂਲਤ ਲਈ 24 ਕੇਂਦਰ ਸਥਾਪਿਤ ਕੀਤੇ ਗਏ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ ਬੋਨ ਮੈਰੋ ਟਰਾਂਸਪਲਾਂਟ ਤੋਂ ਬਾਅਦ ਡੋਨਰ ਦੇ ਸਰੀਰ ‘ਤੇ ਕੋਈ ਨੁਕਸਾਨਦਾਇਕ ਪ੍ਰਭਾਵ ਨਹੀਂ ਪਵੇਗਾ। ਪਹਿਲਾਂ ਮਰੀਜ਼ਾਂ ਨੂੰ ਮੁੜ-ਮੁੜ ਖ਼ੂਨ ਚੜ੍ਹਾਉਣਾ ਪੈਂਦਾ ਸੀ, ਪਰ ਹੁਣ ਇਸ ਦੀ ਲੋੜ ਨਹੀਂ ਰਹੇਗੀ। ਸਿਹਤ ਅਧਿਕਾਰੀਆਂ ਅਨੁਸਾਰ, ਇਹ ਕਦਮ ਸੈਂਕੜੇ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋਵੇਗਾ।