ਪੰਜਾਬ ਇਸ ਸਮੇਂ ਗੰਭੀਰ ਹੜ੍ਹ ਦੀ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਸੂਬੇ ਦੇ 9 ਜ਼ਿਲ੍ਹੇ ਪੂਰੀ ਤਰ੍ਹਾਂ ਹੜ੍ਹਾਂ ਨਾਲ ਪ੍ਰਭਾਵਿਤ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਫਾਜ਼ਿਲਕਾ, ਫਿਰੋਜ਼ਪੁਰ, ਕਪੂਰਥਲਾ, ਪਠਾਨਕੋਟ, ਤਰਨਤਾਰਨ, ਹੁਸ਼ਿਆਰਪੁਰ, ਮੋਗਾ, ਗੁਰਦਾਸਪੁਰ ਅਤੇ ਬਰਨਾਲਾ ਸ਼ਾਮਲ ਹਨ। ਸਰਕਾਰੀ ਅੰਕੜਿਆਂ ਮੁਤਾਬਕ ਹੁਣ ਤੱਕ ਲਗਭਗ 1312 ਪਿੰਡ ਹੜ੍ਹਾਂ ਦੀ ਮਾਰ ਸਹਿ ਰਹੇ ਹਨ, ਜਿਸ ਨਾਲ ਖੇਤਾਂ, ਘਰਾਂ ਅਤੇ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਹੋਇਆ ਹੈ।
ਮੌਸਮ ਵਿਭਾਗ ਵੱਲੋਂ ਅੱਜ ਪੰਜਾਬ, ਜੰਮੂ-ਕਸ਼ਮੀਰ ਅਤੇ ਹਰਿਆਣਾ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਦਾ ਕਹਿਣਾ ਹੈ ਕਿ ਜੇਕਰ ਪਹਾੜੀ ਇਲਾਕਿਆਂ ਵਿੱਚ ਹੋਰ ਭਾਰੀ ਬਾਰਿਸ਼ ਹੁੰਦੀ ਹੈ ਤਾਂ ਰਾਵੀ, ਬਿਆਸ ਅਤੇ ਸਤਲੁਜ ਦਰਿਆਵਾਂ ਦੇ ਪਾਣੀ ਨਾਲ ਹਾਲਾਤ ਹੋਰ ਵੀ ਬੇਕਾਬੂ ਹੋ ਸਕਦੇ ਹਨ। ਜ਼ੀਰਕਪੁਰ ‘ਚ ਘੱਗਰ ਦਰਿਆ ਦਾ ਪਾਣੀ ਖਤਰਨਾਕ ਪੱਧਰ ਤੋਂ ਉੱਪਰ ਚਲਾ ਗਿਆ ਹੈ, ਜਿਸ ਕਾਰਨ ਪਟਿਆਲਾ ਜ਼ਿਲ੍ਹੇ ਵਿੱਚ ਵੀ ਹੜ੍ਹ ਦਾ ਅਲਰਟ ਜਾਰੀ ਕਰਨਾ ਪਿਆ ਹੈ।
ਇਸੇ ਦੌਰਾਨ, ਜਲੰਧਰ ਅਤੇ ਲੁਧਿਆਣਾ ਦੇ ਕਈ ਇਲਾਕਿਆਂ ਵਿੱਚ ਕੱਲ੍ਹ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ 2 ਤੋਂ 3 ਫੁੱਟ ਤੱਕ ਪਾਣੀ ਖੜ੍ਹਾ ਹੋ ਗਿਆ ਹੈ। ਲੋਕਾਂ ਦੀ ਰੋਜ਼ਮਰਰਾ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ।
ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹਾਲਾਤ ਹੋਰ ਵੀ ਗੰਭੀਰ ਹੋ ਗਏ ਹਨ। ਅਜਨਾਲਾ ਇਲਾਕੇ ਵਿੱਚ ਰਾਵੀ ਦਰਿਆ ਦਾ ਪਾਣੀ ਲਗਾਤਾਰ ਵੱਧ ਰਿਹਾ ਹੈ। ਘੋਨੇਵਾਲਾ ਪਿੰਡ ਨੇੜੇ ਧੁੱਸੀ ਬੰਨ੍ਹ ਟੁੱਟਣ ਨਾਲ ਲਗਭਗ 15 ਕਿਲੋਮੀਟਰ ਦਾ ਖੇਤਰ ਪਾਣੀ ਹੇਠ ਆ ਗਿਆ ਹੈ। ਖ਼ਤਰੇ ਦੀ ਘੰਟੀ ਇਸ ਕਰਕੇ ਵੀ ਵੱਜ ਗਈ ਹੈ ਕਿਉਂਕਿ ਹੜ੍ਹ ਦਾ ਪਾਣੀ ਅਜਨਾਲਾ ਸ਼ਹਿਰ ਤੱਕ ਪਹੁੰਚ ਗਿਆ ਹੈ, ਜਦਕਿ ਇਹ ਸ਼ਹਿਰ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿਰਫ਼ 10 ਕਿਲੋਮੀਟਰ ਦੀ ਦੂਰੀ ‘ਤੇ ਹੈ।
ਰਾਹਤ ਅਤੇ ਬਚਾਅ ਕਾਰਜਾਂ ਲਈ ਸਰਕਾਰ ਨੇ ਐਨਡੀਆਰਐਫ ਦੀਆਂ 11 ਟੀਮਾਂ ਤੈਨਾਤ ਕੀਤੀਆਂ ਹਨ। ਇਸ ਤੋਂ ਇਲਾਵਾ, ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਫੌਜ ਵੀ ਰਾਹਤ ਕਾਰਜਾਂ ਵਿੱਚ ਸਰਗਰਮ ਹੈ। ਐਨਡੀਆਰਐਫ ਦੀ 7ਵੀਂ ਬਟਾਲੀਅਨ ਦੀ ਟੀਮ ਨੇ ਅੰਮ੍ਰਿਤਸਰ ਵਿੱਚ ਹੜ੍ਹ ਦੇ ਪਾਣੀ ਵਿੱਚ ਫਸੇ ਇੱਕ ਨੌਜਵਾਨ ਦੀ ਜਾਨ ਬਚਾਈ। ਇਕ ਹੋਰ ਜਗ੍ਹਾ ‘ਤੇ ਇੱਕ ਬਜ਼ੁਰਗ ਔਰਤ ਨੂੰ ਵੀ ਸਫਲਤਾਪੂਰਵਕ ਰਾਹਤ ਟੀਮਾਂ ਵੱਲੋਂ ਬਚਾ ਕੇ ਇਲਾਜ ਮੁਹੱਈਆ ਕਰਵਾਇਆ ਗਿਆ।
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਬੇਲੋੜੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਨਾ ਜਾਣ। ਜਿੱਥੇ ਵੀ ਹੜ੍ਹ ਦਾ ਪਾਣੀ ਵਧ ਰਿਹਾ ਹੈ, ਉੱਥੇ ਨਜ਼ਦੀਕੀ ਪਿੰਡਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਣ ਦੀ ਪ੍ਰਕਿਰਿਆ ਜਾਰੀ ਹੈ।