ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਲਗਾਤਾਰ ਗੰਭੀਰ ਰੂਪ ਧਾਰ ਰਹੀ ਹੈ। ਹਰ ਰੋਜ਼ ਕਿਸੇ ਨਾ ਕਿਸੇ ਘਰ ਦਾ ਚਿਰਾਗ ਨਸ਼ੇ ਦੀ ਲਪੇਟ ਵਿੱਚ ਆ ਕੇ ਬੁਝਦਾ ਜਾ ਰਿਹਾ ਹੈ। ਅਜਿਹਾ ਹੀ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਖਡੂਰ ਸਾਹਿਬ ਦੇ ਪਿੰਡ ਛਾਪੜੀ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿੱਥੇ ਮਾਪਿਆਂ ਦਾ ਇਕਲੌਤਾ ਪੁੱਤਰ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦਾ ਸ਼ਿਕਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ ਅਤੇ ਪਰਿਵਾਰ ਆਪਣੇ ਲਾਲ ਦੇ ਗੁਜ਼ਰਨ ਨਾਲ ਪੂਰੀ ਤਰ੍ਹਾਂ ਟੁੱਟ ਗਿਆ ਹੈ।
27 ਸਾਲਾਂ ਗੁਰਬੀਰ ਸਿੰਘ ਦੀ ਓਵਰਡੋਜ਼ ਨਾਲ ਮੌਤ
ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਬੀਰ ਸਿੰਘ (ਉਮਰ ਤਕਰੀਬਨ 27 ਸਾਲ), ਪੁੱਤਰ ਰਵੇਲ ਸਿੰਘ, ਵਾਸੀ ਪਿੰਡ ਛਾਪੜੀ ਸਾਹਿਬ ਵਜੋਂ ਹੋਈ ਹੈ। ਗੁਰਬੀਰ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਨੇ ਰੋਂਦਿਆਂ ਦੱਸਿਆ ਕਿ ਨਸ਼ੇ ਦੀ ਲਤ ਨੇ ਉਨ੍ਹਾਂ ਦੇ ਲਾਲ ਨੂੰ ਹੀ ਨਹੀਂ ਖੋਹਿਆ, ਸਗੋਂ ਉਨ੍ਹਾਂ ਦੀ ਪੂਰੀ ਜ਼ਿੰਦਗੀ ਉਜਾੜ ਦਿੱਤੀ ਹੈ।
ਪਰਿਵਾਰ ਦਾ ਦਿਲ ਦਹਿਲਾ ਦੇਣ ਵਾਲਾ ਬਿਆਨ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਭਰੇ ਮਨ ਨਾਲ ਕਿਹਾ ਕਿ ਪਿੰਡ ਵਿੱਚ ਸ਼ਰੇਆਮ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ। ਨਸ਼ਾ ਤਸਕਰ ਬਿਨਾ ਕਿਸੇ ਡਰ ਦੇ ਆਪਣਾ ਧੰਦਾ ਕਰ ਰਹੇ ਹਨ ਅਤੇ ਕਈ ਘਰਾਂ ਦੇ ਨੌਜਵਾਨ ਇਸ ਦਾ ਸ਼ਿਕਾਰ ਹੋ ਰਹੇ ਹਨ। ਪਰਿਵਾਰ ਨੇ ਦਿਲੀ ਦੁਖ ਨਾਲ ਕਿਹਾ ਕਿ “ਜਿੱਥੇ ਕੋਈ ਛੋਟੀ-ਮੋਟੀ ਲੜਾਈ ਹੋਵੇ, ਉੱਥੇ ਤਾਂ ਪੁਲਿਸ ਤੁਰੰਤ ਪਹੁੰਚ ਜਾਂਦੀ ਹੈ ਪਰ ਜਿੱਥੇ ਨਸ਼ਾ ਵਿੱਕਦਾ ਹੈ, ਉੱਥੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾਂਦੀ।”
ਸਰਕਾਰੀ ਦਾਅਵਿਆਂ ’ਤੇ ਸਵਾਲ
ਪਰਿਵਾਰ ਨੇ ਸਿੱਧਾ ਇਲਜ਼ਾਮ ਲਗਾਇਆ ਕਿ ਸਰਕਾਰ ਵੱਲੋਂ ਨਸ਼ਾ ਮੁਕਤ ਪੰਜਾਬ ਦੇ ਵੱਡੇ ਦਾਅਵੇ ਤਾਂ ਕੀਤੇ ਜਾਂਦੇ ਹਨ ਪਰ ਹਕੀਕਤ ਬਿਲਕੁੱਲ ਵੱਖਰੀ ਹੈ। ਜਮੀਨੀ ਪੱਧਰ ’ਤੇ ਨਸ਼ਿਆਂ ਦਾ ਗੰਦਾ ਧੰਦਾ ਬੇਰੋਕ-ਟੋਕ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇ ਸੱਚਮੁੱਚ ਸਰਕਾਰ ਗੰਭੀਰ ਹੈ ਤਾਂ ਨਸ਼ਾ ਵੇਚਣ ਵਾਲਿਆਂ ’ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ, ਨਹੀਂ ਤਾਂ ਪੰਜਾਬ ਦੇ ਹੋਰ ਘਰਾਂ ਦੇ ਵੀ ਚਿਰਾਗ ਬੁੱਝਦੇ ਰਹਿਣਗੇ।
ਪਿੰਡ ਵਿੱਚ ਸੋਗ ਦਾ ਮਾਹੌਲ
ਇਸ ਮੌਤ ਨਾਲ ਪੂਰੇ ਪਿੰਡ ਛਾਪੜੀ ਸਾਹਿਬ ਵਿੱਚ ਮਾਹੌਲ ਗਮਗੀਨ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਨਸ਼ਿਆਂ ’ਤੇ ਰੋਕਥਾਮ ਲਈ ਪ੍ਰਭਾਵਸ਼ਾਲੀ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਸਮੱਸਿਆ ਹੋਰ ਵੀ ਘੰਭੀਰ ਰੂਪ ਧਾਰ ਸਕਦੀ ਹੈ।

