ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਤੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪੰਜਾਬ ਦੀ ਸਾਰੀਆਂ 117 ਸੀਟਾਂ ‘ਤੇ ਆਪਣੇ ਦਮ ‘ਤੇ ਚੋਣ ਲੜੇਗੀ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਭਵਿੱਖ ਵਿੱਚ ਅਕਾਲੀ ਦਲ ਨਾਲ ਕੋਈ ਵੀ ਗਠਜੋੜ ਨਹੀਂ ਕੀਤਾ ਜਾਵੇਗਾ।
ਅਸ਼ਵਨੀ ਸ਼ਰਮਾ ਬਠਿੰਡਾ ਵਿਖੇ ਜ਼ਿਲ੍ਹਾ ਭਾਜਪਾ ਵੱਲੋਂ ਕਰਵਾਈ ਗਈ ਵਰਕਰ ਮੀਟਿੰਗ ਵਿੱਚ ਸ਼ਾਮਿਲ ਹੋਣ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਦੌਰ ਤੋਂ ਬਾਅਦ ਹਾਲਾਤਾਂ ਕਾਰਨ ਅਕਾਲੀ ਦਲ ਨਾਲ ਗਠਜੋੜ ਕਰਨਾ ਪਿਆ ਸੀ, ਪਰ ਹੁਣ ਭਾਜਪਾ ਆਪਣੇ ਬਲਬੂਤੇ ‘ਤੇ ਪੰਜਾਬ ਦੀ ਰਾਜਨੀਤੀ ਵਿੱਚ ਅੱਗੇ ਵਧੇਗੀ।ਉਨ੍ਹਾਂ ਵਰਕਰਾਂ ਦਾ ਹੋਂਸਲਾ ਵਧਾਉਂਦੇ ਹੋਏ ਕਿਹਾ ਕਿ 2027 ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੇਗੀ, ਜੋ ਸੂਬੇ ਨੂੰ ਕਰਜਮੁਕਤ ਤੇ ਵਿਕਸਿਤ ਰਾਹ ‘ਤੇ ਲਿਜਾਏਗੀ।
ਤਰਨ ਤਾਰਨ ਜ਼ਿਮਨੀ ਚੋਣ ਲਈ ਭਾਜਪਾ ਤਿਆਰ
ਤਰਨ ਤਾਰਨ ਵਿੱਚ ਹੋਣ ਵਾਲੀ ਜ਼ਿਮਨੀ ਚੋਣ ਨੂੰ ਲੈ ਕੇ ਵੀ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਭਾਜਪਾ ਪੂਰੀ ਤਿਆਰੀ ਵਿੱਚ ਹੈ ਅਤੇ ਚੋਣ ਜਿੱਤਣ ਦਾ ਪੂਰਾ ਭਰੋਸਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਅਤੇ ਨਕਾਮ ਲੈਂਡ ਪਾਲਿਸੀ ਨੇ ਮੌਜੂਦਾ ਸਰਕਾਰ ਨੂੰ ਬੇਨਕਾਬ ਕਰ ਦਿੱਤਾ ਹੈ।