ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਵਿਦਿਆਰਥੀਆਂ ਵੱਲੋਂ ਅੱਜ ਯੂਨੀਵਰਸਿਟੀ ਪ੍ਰੰਗਣ ਵਿੱਚ ਰੋਸ ਮਾਰਚ ਕੱਢਿਆ ਗਿਆ। ਵਿਦਿਆਰਥੀਆਂ ਨੇ ਸਰਕਾਰ ਖ਼ਿਲਾਫ਼ ਨਾਰੇਬਾਜ਼ੀ ਕਰਦਿਆਂ ਆਪਣੀਆਂ ਮੰਗਾਂ ਨੂੰ ਉੱਠਾਇਆ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 8 ਤਾਰੀਖ ਤੋਂ ਯੂਨੀਵਰਸਿਟੀ ਦੇ ਬਾਹਰ ਪੱਕਾ ਧਰਨਾ ਲਗਾਇਆ ਜਾਵੇਗਾ।
ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਦੱਸਿਆ ਕਿ ਸਰਕਾਰ ਵੱਲੋਂ ਖੇਤੀਬਾੜੀ ਖੇਤਰ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੇ ਬਾਵਜੂਦ, ਹਜ਼ਾਰਾਂ ਯੋਗ ਉਮੀਦਵਾਰ ਬੇਰੁਜ਼ਗਾਰ ਬੈਠੇ ਹਨ। ਉਹਨਾਂ ਦਾ ਕਹਿਣਾ ਸੀ ਕਿ ਲਗਭਗ 70 ਫੀਸਦੀ ਦੇ ਕਰੀਬ ਪੋਸਟਾਂ ਖੇਤੀਬਾੜੀ ਵਿਭਾਗ ਅਤੇ ਯੂਨੀਵਰਸਿਟੀ ਵਿੱਚ ਖਾਲੀ ਪਈਆਂ ਹਨ, ਪਰ ਸਰਕਾਰ ਵੱਲੋਂ ਭਰਤੀ ਦੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ।
ਵਿਦਿਆਰਥੀਆਂ ਨੇ ਦੋਸ਼ ਲਗਾਇਆ ਕਿ ਸਰਕਾਰ ਸਿਰਫ਼ 100 ਪੋਸਟਾਂ ਕੱਢਦੀ ਹੈ, ਜਿਨ੍ਹਾਂ ਲਈ ਲਗਭਗ 10 ਹਜ਼ਾਰ ਉਮੀਦਵਾਰ ਅਰਜ਼ੀਆਂ ਭਰਦੇ ਹਨ। ਇਸ ਕਾਰਨ ਵੱਡੀ ਗਿਣਤੀ ਵਿੱਚ ਨੌਜਵਾਨ ਰੋਜ਼ਗਾਰ ਤੋਂ ਵਾਂਝੇ ਰਹਿੰਦੇ ਹਨ। ਉਨ੍ਹਾਂ ਨੇ ਯਾਦ ਦਿਵਾਇਆ ਕਿ ਸਰਕਾਰ ਨੇ ਪਹਿਲਾਂ ਵਾਅਦਾ ਕੀਤਾ ਸੀ ਕਿ ਹਰ ਪਿੰਡ ਵਿੱਚ ਇੱਕ ਖੇਤੀ ਮਾਸਟਰ ਅਤੇ ਦੋ ਡਾਕਟਰ ਤੈਨਾਤ ਕੀਤੇ ਜਾਣਗੇ, ਪਰ ਅਜੇ ਤੱਕ ਉਹ ਵਾਅਦਾ ਪੂਰਾ ਨਹੀਂ ਹੋ ਸਕਿਆ।
ਇਸ ਤੋਂ ਇਲਾਵਾ, ਵਿਦਿਆਰਥੀਆਂ ਨੇ ਗੰਭੀਰ ਚਿੰਤਾ ਜ਼ਾਹਰ ਕੀਤੀ ਕਿ ਉਹਨਾਂ ਦੇ ਬਹੁਤ ਸਾਰੇ ਸੀਨੀਅਰ, ਜੋ ਪੀਐਚਡੀ ਤੱਕ ਦੀ ਪੜ੍ਹਾਈ ਪੂਰੀ ਕਰ ਚੁੱਕੇ ਹਨ, ਉਮਰ ਪਾਰ ਹੋਣ ਕਾਰਨ ਨੌਕਰੀਆਂ ਤੋਂ ਬਾਹਰ ਹੋ ਰਹੇ ਹਨ। ਅੰਦਾਜ਼ੇ ਦੇ ਅਨੁਸਾਰ, ਇਸ ਵੇਲੇ ਲਗਭਗ 15 ਹਜ਼ਾਰ ਤੋਂ ਵੱਧ ਵਿਦਿਆਰਥੀ ਬੇਰੁਜ਼ਗਾਰ ਹਨ।
ਵਿਦਿਆਰਥੀਆਂ ਨੇ ਕਿਹਾ ਕਿ ਸਰਕਾਰ ਨੂੰ ਬਾਰ-ਬਾਰ ਚਿੱਠੀਆਂ ਅਤੇ ਮੰਗਾਂ ਪੇਸ਼ ਕਰਨ ਦੇ ਬਾਵਜੂਦ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ, ਜਿਸ ਕਾਰਨ ਉਹਨਾਂ ਨੂੰ ਹਮੇਸ਼ਾ ਸੜਕਾਂ ‘ਤੇ ਉਤਰਨਾ ਪੈਂਦਾ ਹੈ। ਅੱਜ ਦਾ ਰੋਸ ਮਾਰਚ ਵੀ ਉਸੇ ਕੜੀ ਦਾ ਹਿੱਸਾ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ 8 ਤਾਰੀਖ ਤੋਂ ਪਹਿਲਾਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਯੂਨੀਵਰਸਿਟੀ ਦੇ ਬਾਹਰ ਪੱਕਾ ਮੋਰਚਾ ਲਗਾਉਣਗੇ ਅਤੇ ਅੰਦੋਲਨ ਨੂੰ ਹੋਰ ਵੱਡਾ ਰੂਪ ਦਿੱਤਾ ਜਾਵੇਗਾ।