ਪੰਜਾਬ ‘ਚ ਮਾਨਸੂਨ ਦਾ ਤੀਜਾ ਦੌਰ ਅੱਜ ਖ਼ਤਮ ਹੋ ਰਿਹਾ ਹੈ। ਅੱਜ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਆਉਣ ਵਾਲੇ ਪੰਜ ਦਿਨਾਂ ਦੌਰਾਨ ਨਾ ਤਾਂ ਕੋਈ ਅਲਰਟ ਹੈ ਅਤੇ ਨਾ ਹੀ ਮੀਂਹ ਦੇ ਆਸਾਰ ਹਨ। ਇਸ ਕਾਰਨ ਹੁਣ ਤਾਪਮਾਨ ਵਿੱਚ ਹੌਲੀ ਵਾਧਾ ਹੋ ਸਕਦਾ ਹੈ, ਪਰ ਹੁੰਮਸ ਜ਼ਿਆਦਾ ਤੰਗ ਕਰੇਗੀ। ਮੌਸਮ ਵਿਗਿਆਨ ਕੇਂਦਰ ਮੁਤਾਬਕ ਹੁਣ ਤੱਕ ਪੰਜਾਬ ਵਿੱਚ ਮੌਨਸੂਨ 103.4 ਮਿ.ਮੀ. ਵਰ੍ਹ ਚੁੱਕਾ ਹੈ, ਜੋ ਸਧਾਰਣ ਤੋਂ ਵੱਧ ਹੈ।
ਮੌਸਮ ਵਿਗਿਆਨ ਕੇਂਦਰ ਅਨੁਸਾਰ ਅੱਜ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਲੁਧਿਆਣਾ, ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਸੰਗਰੂਰ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜਦੋਂ ਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਮੌਸਮ ਆਮ ਰਹੇਗਾ।
ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਹ ਆਮ ਦੇ ਨੇੜੇ ਬਣਿਆ ਹੋਇਆ ਹੈ। ਹੁਸ਼ਿਆਰਪੁਰ ਵਿੱਚ ਸਭ ਤੋਂ ਘੱਟ ਤਾਪਮਾਨ 24.1 ਡਿਗਰੀ ਦਰਜ ਕੀਤਾ ਗਿਆ। ਬੁੱਧਵਾਰ ਨੂੰ ਫਤਿਹਗੜ੍ਹ ਸਾਹਿਬ ਵਿੱਚ 17.5 ਮਿਲੀਮੀਟਰ, ਪਟਿਆਲਾ ਵਿੱਚ 1.2 ਮਿਲੀਮੀਟਰ, ਲੁਧਿਆਣਾ ਵਿੱਚ 1.2 ਮਿਲੀਮੀਟਰ ਅਤੇ ਅੰਮ੍ਰਿਤਸਰ ਵਿੱਚ 1.6 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 30.6 ਡਿਗਰੀ, ਲੁਧਿਆਣਾ ਵਿੱਚ 32.2 ਡਿਗਰੀ, ਪਟਿਆਲਾ ਵਿੱਚ 34.6 ਡਿਗਰੀ, ਪਠਾਨਕੋਟ ਵਿੱਚ 32.0 ਡਿਗਰੀ, ਫਾਜ਼ਿਲਕਾ ਵਿੱਚ 35.1 ਡਿਗਰੀ, ਫਿਰੋਜ਼ਪੁਰ ਵਿੱਚ 29.1 ਡਿਗਰੀ ਰਿਹਾ।