ਲੁਧਿਆਣਾ – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ (ਪਾਵਰਕਾਮ) ਨੇ ਰਾਜ ਦੇ ਡਿਫਾਲਟਰ ਖਪਤਕਾਰਾਂ ਵਿਰੁੱਧ ਵੱਡੇ ਪੱਧਰ ‘ਤੇ ਕਾਰਵਾਈ ਕਰਦਿਆਂ ਸਖ਼ਤੀ ਦਾ ਰੂਖ ਅਪਣਾ ਲਿਆ ਹੈ। ਜਾਣਕਾਰੀ ਅਨੁਸਾਰ ਵਿਭਾਗ ਦੀਆਂ ਖਾਸ ਟੀਮਾਂ ਨੇ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ 564 ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਕੇ ਬਕਾਇਆ ਰਕਮ ਦੀ ਵਸੂਲੀ ਦੀ ਮੁਹਿੰਮ ਨੂੰ ਤੀਬਰ ਕੀਤਾ ਹੈ। ਇਹ ਉਹ ਖਪਤਕਾਰ ਸਨ ਜਿਨ੍ਹਾਂ ਨੂੰ ਪਾਵਰਕਾਮ ਵੱਲੋਂ ਕਈ ਵਾਰ ਨੋਟਿਸ ਭੇਜੇ ਗਏ ਸਨ, ਪਰ ਬਾਵਜੂਦ ਇਸਦੇ ਉਹਨਾਂ ਨੇ ਲੰਬੇ ਸਮੇਂ ਤੋਂ ਆਪਣੇ ਬਿੱਲ ਜਮ੍ਹਾ ਨਹੀਂ ਕਰਵਾਏ ਸਨ।
ਮੁੱਖ ਇੰਜੀਨੀਅਰ ਜਗਦੇਵ ਸਿੰਘ ਹੰਸ ਦੀ ਅਗਵਾਈ ਹੇਠ ਡਿਪਟੀ ਚੀਫ਼ ਇੰਜੀਨੀਅਰ ਸੁਰਜੀਤ ਸਿੰਘ ਅਤੇ ਡਿਪਟੀ ਚੀਫ਼ ਇੰਜੀਨੀਅਰ ਵੈਸਟ ਕੁਲਵਿੰਦਰ ਸਿੰਘ ਸਮੇਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਟੀਮਾਂ ਨੇ ਇਹ ਕਾਰਵਾਈ ਅੰਜ਼ਾਮ ਦਿੱਤੀ। ਦੌਰਾਨੀ ਕਾਰਵਾਈ ਕਈ ਥਾਵਾਂ ‘ਤੇ ਘਰਾਂ ਵਿੱਚ ਲੱਗੇ ਬਿਜਲੀ ਮੀਟਰ ਵੀ ਜ਼ਬਤ ਕੀਤੇ ਗਏ ਹਨ।
ਵਿਭਾਗੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਖਪਤਕਾਰ ਬਕਾਇਆ ਬਿੱਲ ਨਾ ਭਰਨ ਨੂੰ ਆਪਣੀ “ਸ਼ਾਨ” ਸਮਝਦੇ ਹਨ ਅਤੇ ਜਨਤਕ ਤੌਰ ‘ਤੇ ਬਿਜਲੀ ਦੀ ਬਰਬਾਦੀ ਕਰਦੇ ਰਹਿੰਦੇ ਹਨ, ਜਿਵੇਂ ਕਿ ਉਨ੍ਹਾਂ ਲਈ ਸਰਕਾਰੀ ਹੁਕਮਾਂ ਜਾਂ ਨਿਯਮਾਂ ਦੀ ਕੋਈ ਮਹੱਤਤਾ ਹੀ ਨਾ ਹੋਵੇ। ਇਸ ਰਵੱਈਏ ਨੇ ਪਾਵਰਕਾਮ ਨੂੰ ਸਖ਼ਤ ਕਦਮ ਚੁੱਕਣ ਲਈ ਮਜਬੂਰ ਕਰ ਦਿੱਤਾ।
ਪਾਵਰਕਾਮ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਹਾਲੀਆ ਕਾਰਵਾਈ ਦੌਰਾਨ ਕੁੱਲ 4.16 ਕਰੋੜ ਰੁਪਏ ਦੇ ਬਕਾਇਆ ਬਿਜਲੀ ਬਿੱਲ ਵਸੂਲੇ ਗਏ ਹਨ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਾਰਵਾਈ ਸਿਰਫ਼ ਸ਼ੁਰੂਆਤ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਡਿਫਾਲਟਰ ਖਪਤਕਾਰਾਂ ਵਿਰੁੱਧ ਵੀ ਸ਼ਿਕੰਜਾ ਹੋਰ ਕੱਸਿਆ ਜਾਵੇਗਾ।
ਇਸਦੇ ਨਾਲ ਹੀ ਮੁੱਖ ਇੰਜੀਨੀਅਰ ਜਗਦੇਵ ਸਿੰਘ ਹੰਸ ਨੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹੜ੍ਹ-ਪ੍ਰਭਾਵਿਤ ਖੇਤਰਾਂ ਵਿੱਚ ਰਹਿੰਦੇ ਪਰਿਵਾਰਾਂ ਤੋਂ ਵਿਭਾਗ ਕੋਈ ਵਸੂਲੀ ਨਹੀਂ ਕਰ ਰਿਹਾ। ਸਰਕਾਰ ਅਤੇ ਪਾਵਰਕਾਮ ਪ੍ਰਬੰਧਨ ਵੱਲੋਂ ਇਸ ਸਬੰਧੀ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜਿੱਥੇ ਲੋਕ ਕੁਦਰਤੀ ਆਫ਼ਤ ਕਾਰਨ ਪਹਿਲਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ, ਉੱਥੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਾ ਕੀਤੀ ਜਾਵੇ।
ਪਾਵਰਕਾਮ ਦੀ ਇਸ ਕਾਰਵਾਈ ਨੇ ਬਿਜਲੀ ਬਿੱਲ ਬਕਾਇਆ ਛੱਡਣ ਵਾਲੇ ਖਪਤਕਾਰਾਂ ਵਿੱਚ ਹੜਕੰਪ ਮਚਾ ਦਿੱਤਾ ਹੈ ਅਤੇ ਹੁਣ ਉਮੀਦ ਜਤਾਈ ਜਾ ਰਹੀ ਹੈ ਕਿ ਬਾਕੀ ਡਿਫਾਲਟਰ ਵੀ ਆਪਣੀ ਰਕਮ ਜਲਦੀ ਜਮ੍ਹਾ ਕਰਵਾਉਣ ਲਈ ਮਜਬੂਰ ਹੋਣਗੇ।