ਲੁਧਿਆਣਾ ਸ਼ਹਿਰ ਵਿੱਚ ਸੁਰੱਖਿਆ ਏਜੰਸੀਆਂ ਨੇ ਇੱਕ ਵੱਡੀ ਕਾਰਵਾਈ ਦੌਰਾਨ ਸ਼ਿਵਪੁਰੀ ਇਲਾਕੇ ਤੋਂ ਇਕ ਹੈਂਡ ਗ੍ਰਨੇਡ ਬਰਾਮਦ ਕਰਕੇ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦ ਕਿ ਦੋ ਹੋਰ ਸਾਥੀ ਮੌਕੇ ਤੋਂ ਭੱਜਣ ਵਿੱਚ ਸਫਲ ਰਹੇ। ਇਸ ਘਟਨਾ ਤੋਂ ਬਾਅਦ ਸ਼ਹਿਰ ਵਿੱਚ ਸੁਰੱਖਿਆ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਪੁੱਛਗਿੱਛ ਤੇ ਜਾਂਚ ਦੇ ਪਹੀਏ ਤੇਜ਼ੀ ਨਾਲ ਘੁੰਮਣ ਲੱਗ ਪਏ ਹਨ।
ਪੁਲਿਸ ਦੇ ਅਨੁਸਾਰ, ਜੋਧੇਵਾਲ ਥਾਣੇ ਦੀ ਟੀਮ ਸ਼ਿਵਪੁਰੀ ਰੋਡ ਇਲਾਕੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਗਸ਼ਤ ਕਰ ਰਹੀ ਸੀ, ਇਸ ਦੌਰਾਨ ਮੁਖਬਰ ਖ਼ਾਸ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਮੋਟਰਸਾਈਕਲ ‘ਤੇ ਸਫਰ ਕਰ ਰਹੇ 5 ਨੌਜਵਾਨਾਂ ਨੂੰ ਰੋਕ ਕੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ 2 ਨੌਜਵਾਨ ਮੌਕੇ ਤੋਂ ਬਾਈਕ ਸਮੇਤ ਫਰਾਰ ਹੋ ਗਏ, ਜਦਕਿ ਬਾਕੀ ਤਿੰਨ ਨੂੰ ਕਾਬੂ ਕਰ ਲਿਆ ਗਿਆ।
ਤਲਾਸ਼ੀ ਦੌਰਾਨ ਇੱਕ ਨੌਜਵਾਨ ਦੀ ਕਬਜ਼ੇ ਤੋਂ ਇੱਕ ਹੈਂਡ ਗ੍ਰਨੇਡ ਮਿਲਣ ‘ਤੇ ਪੁਲਿਸ ਅਧਿਕਾਰੀਆਂ ਵਿੱਚ ਹੜਕੰਪ ਮਚ ਗਿਆ। ਤੁਰੰਤ ਬੰਬ ਸਕਵਾਡ ਨੂੰ ਸੂਚਿਤ ਕਰਕੇ ਗ੍ਰਨੇਡ ਨੂੰ ਸੁਰੱਖਿਅਤ ਤਰੀਕੇ ਨਾਲ ਕਬਜ਼ੇ ਵਿੱਚ ਲਿਆ ਗਿਆ।
ਗ੍ਰਫ਼ਤਾਰ ਆਰੋਪੀਆਂ ਦੀ ਪਹਿਚਾਣ ਕੁਲਦੀਪ ਸਿੰਘ, ਪਰਵਿੰਦਰ ਸਿੰਘ ਅਤੇ ਰਮਨੀਕ ਸਿੰਘ ਵਜੋਂ ਹੋਈ ਹੈ। ਪੁਲਿਸ ਦੀ ਪ੍ਰਾਈਮਰੀ ਇਨਵੈਸਟੀਗੇਸ਼ਨ ਦੌਰਾਨ ਸ਼ੱਕ ਜਤਾਾਇਆ ਗਿਆ ਹੈ ਕਿ ਇਹ ਸਾਰੇ ਨੌਜਵਾਨ ਪਾਕਿਸਤਾਨ ਦੀ ਖੁਫੀਆ ਏਜੰਸੀ ISI ਨਾਲ ਸੰਪਰਕ ਵਿੱਚ ਸਨ ਅਤੇ ਲੁਧਿਆਣਾ ਵਿੱਚ ਕੋਈ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ।
ਪੁਲਿਸ ਦੇ ਸੂਤਰਾਂ ਮੁਤਾਬਕ, ਇਨ੍ਹਾਂ ਨੌਜਵਾਨਾਂ ਨੂੰ ਸ਼ਹਿਰ ਦੀ ਕਿਸੇ ਭੀੜਭਾੜ ਵਾਲੀ ਜਗ੍ਹਾ ‘ਤੇ ਹੈਂਡ ਗ੍ਰਨੇਡ ਬਲਾਸਟ ਕਰਨ ਦੀ ਨਿਰਦੇਸ਼ਨਾ ਮਿਲੀ ਸੀ, ਜਿਸ ਨਾਲ ਜਾਨਮਾਲ ਦਾ ਵੱਡਾ ਨੁਕਸਾਨ ਹੋ ਸਕਦਾ ਸੀ ਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ।
ਤਫ਼ਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇਹ ਗ੍ਰਨੇਡ ਮੁਕਤਸਰ ਦੇ ਸਰਹੱਦੀ ਇਲਾਕੇ ਤੋਂ ਲਿਆਂਦਾ ਗਿਆ ਸੀ ਅਤੇ ਇਸ ਪਿੱਛੇ ਜੇਲ੍ਹ ਵਿੱਚ ਬੰਦ ਇੱਕ ਕੈਦੀ ਦੀ ਭੂਮਿਕਾ ਵੀ ਸਾਹਮਣੇ ਆ ਰਹੀ ਹੈ, ਜਿਸ ਦੇ ਕਹਿਣ ਤੇ ਇਹ ਸਾਰੀ ਸਾਜ਼ਿਸ਼ ਚੱਲ ਰਹੀ ਸੀ। ਪੁਲਿਸ ਮੁਕਤਸਰ ਜੇਲ੍ਹ ਦੀ ਵੀ ਗਹਿਰਾਈ ਨਾਲ ਜਾਂਚ ਕਰਨ ਜਾ ਰਹੀ ਹੈ।
ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 6 ਦਿਨ ਦਾ ਰਿਮਾਂਡ ਪ੍ਰਾਪਤ ਕਰ ਲਿਆ ਗਿਆ ਹੈ, ਜਦ ਕਿ ਫਰਾਰ ਦੋਸ਼ੀਆਂ ਦੀ ਤਲਾਸ਼ ਲਈ ਵੱਖ-ਵੱਖ ਥਾਵਾਂ ‘ਤੇ ਰੇਡ ਕੀਤੀਆਂ ਜਾ ਰਹੀਆਂ ਹਨ। ਪੁਲਿਸ ਟੀਮ ਇਲਾਕੇ ਦੇ ਸੀਸੀਟੀਵੀ ਫੁਟੇਜ ਵੀ ਖੰਗਾਲ ਰਹੀ ਹੈ ਤਾਂ ਜੋ ਇਸ ਮਾਮਲੇ ਨਾਲ ਜੁੜੇ ਹੋਰ ਸਾਥੀਆਂ ਦਾ ਪਤਾ ਲੱਗ ਸਕੇ।
ਲੁਧਿਆਣਾ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਇਸ ਮਾਮਲੇ ਦੇ ਪਿੱਛੇ ਛੁਪੇ ਹਰ ਚਿਹਰੇ ਨੂੰ ਬੇਨਕਾਬ ਕੀਤਾ ਜਾਵੇਗਾ।

