ਜਲੰਧਰ – ਆਉਣ ਵਾਲੇ ਦਿਵਾਲੀ ਸਮੇਤ ਹੋਰ ਵੱਡੇ ਧਾਰਮਿਕ ਅਤੇ ਰਾਸ਼ਟਰੀ ਤਿਉਹਾਰਾਂ ਨੂੰ ਸ਼ਾਂਤੀਪੂਰਨ ਅਤੇ ਸੁਰੱਖਿਅਤ ਢੰਗ ਨਾਲ ਮਨਾਉਣ ਲਈ ਜਲੰਧਰ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਵੱਲੋਂ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਭਾਰਤੀ ਨਾਗਰਿਕ ਸੁਰੱਖਿਆ ਜ਼ਾਬਤਾ 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਤਹਿਤ ਜਾਰੀ ਕੀਤੇ ਗਏ ਹਨ, ਜੋ 7 ਨਵੰਬਰ 2025 ਤੱਕ ਲਾਗੂ ਰਹਿਣਗੇ।
ਕਮਿਸ਼ਨਰ ਨੇ ਸਪੱਸ਼ਟ ਕੀਤਾ ਹੈ ਕਿ ਪੁਲਸ ਕਮਿਸ਼ਨਰੇਟ ਦੇ ਖੇਤਰ ਵਿੱਚ ਕੇਵਲ ਉਹੀ ਦੁਕਾਨਾਂ ਪਟਾਕੇ ਵੇਚ ਸਕਣਗੀਆਂ, ਜਿਨ੍ਹਾਂ ਨੂੰ ਅਧਿਕਾਰਤ ਲਾਇਸੈਂਸ ਪ੍ਰਾਪਤ ਹੈ। ਕਿਸੇ ਵੀ ਗੈਰ-ਲਾਇਸੈਂਸਸ਼ੁਦਾ ਦੁਕਾਨ, ਥੜੇ ਜਾਂ ਅਣਅਧਿਕਾਰਤ ਥਾਂ ‘ਤੇ ਪਟਾਕਿਆਂ ਦੀ ਵਿਕਰੀ ਜਾਂ ਸਟਾਕ ਰੱਖਣ ‘ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ।
ਸਾਈਲੈਂਸ ਜ਼ੋਨ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਪੂਰੀ ਪਾਬੰਦੀ
ਹੁਕਮਾਂ ਅਨੁਸਾਰ, ਸਾਈਲੈਂਸ ਜ਼ੋਨ — ਜਿਵੇਂ ਕਿ ਹਸਪਤਾਲਾਂ, ਸਿੱਖਿਆ ਸੰਸਥਾਵਾਂ ਅਤੇ ਹੋਰ ਸੰਵੇਦਨਸ਼ੀਲ ਇਲਾਕਿਆਂ ਦੇ ਨੇੜੇ — ਕਿਸੇ ਵੀ ਸਮੇਂ ਪਟਾਕੇ ਚਲਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਤੋਂ ਇਲਾਵਾ, ਸੁੱਚੀ ਪਿੰਡ ਦੀ ਹੱਦਾਂ ਅੰਦਰ ਅਤੇ ਜਲੰਧਰ ਵਿੱਚ ਸਥਿਤ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਦੇ ਤੇਲ ਟਰਮੀਨਲਾਂ ਦੇ 500 ਗਜ਼ ਦੇ ਘੇਰੇ ਅੰਦਰ ਵੀ ਪਟਾਕੇ ਚਲਾਉਣ ‘ਤੇ ਸਖ਼ਤ ਪਾਬੰਦੀ ਹੋਵੇਗੀ। ਇਹ ਕਦਮ ਲੋਕਾਂ ਦੀ ਸੁਰੱਖਿਆ ਅਤੇ ਵੱਡੇ ਹਾਦਸਿਆਂ ਤੋਂ ਬਚਾਅ ਲਈ ਲਿਆ ਗਿਆ ਹੈ।
ਤਿਉਹਾਰਾਂ ਲਈ ਪਟਾਕਿਆਂ ਦੇ ਸਮੇਂ ਨਿਰਧਾਰਿਤ
ਪੁਲਸ ਕਮਿਸ਼ਨਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਲੋਕ ਪਟਾਕੇ ਸਿਰਫ਼ ਨਿਰਧਾਰਿਤ ਸਮੇਂ ਦੌਰਾਨ ਹੀ ਚਲਾ ਸਕਣਗੇ।
- ਦੀਵਾਲੀ : ਰਾਤ 8 ਵਜੇ ਤੋਂ 10 ਵਜੇ ਤੱਕ
- ਕ੍ਰਿਸਮਸ ਅਤੇ ਨਵਾਂ ਸਾਲ : ਰਾਤ 11:55 ਵਜੇ ਤੋਂ 12:30 ਵਜੇ ਤੱਕ
- ਗੁਰਪੁਰਬ : ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਵਜੇ ਤੋਂ 10 ਵਜੇ ਤੱਕ
ਇਨ੍ਹਾਂ ਸਮਿਆਂ ਤੋਂ ਇਲਾਵਾ ਪਟਾਕੇ ਚਲਾਉਣ ਨੂੰ ਕਾਨੂੰਨ ਦੀ ਉਲੰਘਣਾ ਮੰਨਿਆ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਿਰਫ਼ ਗ੍ਰੀਨ ਪਟਾਕਿਆਂ ਦੀ ਵਿਕਰੀ
ਹੁਕਮਾਂ ਵਿੱਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਕੇਵਲ ਗ੍ਰੀਨ ਪਟਾਕੇ (ਜੋ ਪ੍ਰਦੂਸ਼ਣ ਘੱਟ ਪੈਦਾ ਕਰਦੇ ਹਨ) ਦੀ ਹੀ ਵਿਕਰੀ ਕਰਨ ਦੀ ਆਗਿਆ ਹੋਵੇਗੀ। ਲਾਇਸੈਂਸਸ਼ੁਦਾ ਵਪਾਰੀ ਆਪਣੀ ਦੁਕਾਨ ਲਈ ਪਟਾਕੇ ਸਿਰਫ਼ ਅਧਿਕਾਰਤ ਫੈਕਟਰੀਆਂ ਜਾਂ ਕੰਪਨੀਆਂ ਤੋਂ ਹੀ ਖ਼ਰੀਦ ਸਕਣਗੇ। ਇਸ ਤੋਂ ਇਲਾਵਾ ਖਿਡੌਣਿਆਂ ਅਤੇ ਇਲੈਕਟ੍ਰਾਨਿਕ ਸਮਾਨ ਦੇ ਰੂਪ ਵਿੱਚ ਵੇਚੇ ਜਾਂਦੇ ਪਟਾਕਿਆਂ ‘ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ।
ਲੜੀ ਵਾਲੇ ਪਟਾਕਿਆਂ ‘ਤੇ ਰੋਕ
ਜੁੜੇ ਹੋਏ ਪਟਾਕੇ, ਜਿਵੇਂ ਕਿ ਲੜੀ ਆਦਿ, ਦੇ ਨਿਰਮਾਣ, ਵਿਕਰੀ ਅਤੇ ਵਰਤੋਂ ‘ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ ਕਿਉਂਕਿ ਇਹ ਨਾ ਸਿਰਫ਼ ਵਾਤਾਵਰਣ ਪ੍ਰਦੂਸ਼ਣ ਵਧਾਉਂਦੇ ਹਨ, ਸਗੋਂ ਸੁਰੱਖਿਆ ਦੇ ਮੱਦੇਨਜ਼ਰ ਵੀ ਬਹੁਤ ਖ਼ਤਰਨਾਕ ਮੰਨੇ ਜਾਂਦੇ ਹਨ।
ਪੁਲਸ ਵੱਲੋਂ ਸਖ਼ਤ ਕਾਰਵਾਈ ਦੀ ਚੇਤਾਵਨੀ
ਕਮਿਸ਼ਨਰ ਧਨਪ੍ਰੀਤ ਕੌਰ ਨੇ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਵੀ ਵਿਅਕਤੀ ਜਾਂ ਵਪਾਰੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨਗੇ, ਉਹਨਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਸ ਟੀਮਾਂ ਵੱਲੋਂ ਤਿਉਹਾਰਾਂ ਦੌਰਾਨ ਵੱਖ-ਵੱਖ ਥਾਵਾਂ ‘ਤੇ ਨਿਗਰਾਨੀ ਵਧਾਈ ਜਾਵੇਗੀ, ਤਾਂ ਜੋ ਨਿਯਮਾਂ ਦੀ ਪਾਲਣਾ ਹਰ ਹਾਲਤ ਵਿੱਚ ਯਕੀਨੀ ਬਣਾਈ ਜਾ ਸਕੇ।