ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੇ ਅਰਾਹ ਵਿੱਚ ਇਕ ਭਰਵੀਂ ਰੈਲੀ ਨਾਲ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇੰਡੀਆ ਗਠਜੋੜ, ਖ਼ਾਸ ਤੌਰ ‘ਤੇ ਕਾਂਗਰਸ ਅਤੇ ਆਰਜੇਡੀ ’ਤੇ ਤੀਖ਼ੇ ਹਮਲੇ ਕੀਤੇ ਅਤੇ ਕਿਹਾ ਕਿ “ਦਿੱਲੀ ਵਿੱਚ ਬੈਠੇ ਰਾਜਨੀਤਿਕ ਗਣਿਤ ਕਰਨ ਵਾਲੇ ਇੱਥੇ ਆਉਣ ਤੇ ਵੇਖਣ ਕਿ ਹਵਾ ਕਿਸ ਪਾਸੇ ਵਗ ਰਹੀ ਹੈ।”
ਰੈਲੀ ਦੌਰਾਨ ਮੋਦੀ ਨੇ ਪਹਿਲੀ ਵਾਰ ਬਿਹਾਰ ਦੀ ਕਿਸੇ ਸਭਾ ਵਿੱਚ 1984 ਦੇ ਸਿੱਖ ਨਸਲਕੁਸ਼ੀ ਦਾ ਜ਼ਿਕਰ ਕੀਤਾ। ਪਟਨਾ ਸਾਹਿਬ ਗੁਰਦੁਆਰੇ ਵਿੱਚ ਅਰਦਾਸ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਇਸ ਘਟਨਾ ਨੂੰ ਯਾਦ ਕਰਦੇ ਹੋਏ ਕਿਹਾ ਕਿ ਇਹ ਕਾਂਗਰਸ ਦੀ ਪਛਾਣ ਦਾ ਹਿੱਸਾ ਰਹੀ ਹੈ।
🔹 1984 ਸਿੱਖ ਨਸਲਕੁਸ਼ੀ ’ਤੇ ਮੋਦੀ ਦਾ ਬਿਆਨ
PM ਮੋਦੀ ਨੇ ਕਿਹਾ —
“ਜੇਕਰ ਆਰਜੇਡੀ ਨੇ ਬਿਹਾਰ ਵਿੱਚ ‘ਜੰਗਲ ਰਾਜ’ ਅਤੇ ਤੁਸ਼ਟੀਕਰਨ ਦੀ ਰਾਜਨੀਤੀ ਲੈ ਕੇ ਆਈ, ਤਾਂ ਕਾਂਗਰਸ ਦੀ ਪਛਾਣ 1984 ਦੇ ਸਿੱਖ ਕਤਲੇਆਮ ਨਾਲ ਜੁੜੀ ਹੈ। ਇਹ 1 ਅਤੇ 2 ਨਵੰਬਰ ਦਾ ਸਮਾਂ ਸੀ, ਜਦੋਂ ਸਿੱਖਾਂ ’ਤੇ ਬੇਹੱਦ ਨਿਰਦਈ ਹਮਲੇ ਹੋਏ ਸਨ। ਅੱਜ 2 ਨਵੰਬਰ ਹੈ, ਪਰ ਅੱਜ ਵੀ ਕਾਂਗਰਸ ਆਪਣੀ ਪਾਰਟੀ ਦੇ ਅੰਦਰ ਉਹਨਾਂ ਦੋਸ਼ੀਆਂ ਨੂੰ ਪੂਰੇ ਸਤਿਕਾਰ ਨਾਲ ਉੱਚੇ ਅਹੁਦੇ ਦੇ ਰਹੀ ਹੈ। ਉਨ੍ਹਾਂ ਨੂੰ ਆਪਣੇ ਪਾਪਾਂ ’ਤੇ ਕੋਈ ਪਛਤਾਵਾ ਨਹੀਂ।”
🔹 ਸੱਭਿਆਚਾਰ ਅਤੇ ਧਰਮ ’ਤੇ ਵੀ ਨਿਸ਼ਾਨਾ
ਮੋਦੀ ਨੇ ਆਰਜੇਡੀ ਅਤੇ ਕਾਂਗਰਸ ’ਤੇ ਧਾਰਮਿਕ ਤਿਉਹਾਰਾਂ ਦਾ ਅਪਮਾਨ ਕਰਨ ਦਾ ਦੋਸ਼ ਵੀ ਲਾਇਆ। ਉਨ੍ਹਾਂ ਕਿਹਾ —
“ਕੀ ਤੁਸੀਂ ਅਜਿਹੇ ਲੋਕਾਂ ਨੂੰ ਵੋਟ ਪਾਓਗੇ ਜੋ ਸਾਡੀ ਛੱਠ ਪੂਜਾ ਵਰਗੀ ਪਰੰਪਰਾ ਦਾ ਅਪਮਾਨ ਕਰਦੇ ਹਨ? ਮਹਾਂਕੁੰਭ ਦੌਰਾਨ ਆਰਜੇਡੀ ਨੇ ਇਸਨੂੰ ‘ਫ਼ਾਲਤੂ’ ਕਿਹਾ ਸੀ, ਹੁਣ ਇੱਕ ਕਾਂਗਰਸੀ ਆਗੂ ਇਸਨੂੰ ‘ਡਰਾਮਾ’ ਕਹਿ ਰਿਹਾ ਹੈ। ਅਸੀਂ ਸੂਰਜ ਦੇਵਤਾ ਦੀ ਪ੍ਰਾਰਥਨਾ ਕਰਦੇ ਹਾਂ — ਇਹ ਸਾਡੀ ਸ਼ਰਧਾ ਹੈ, ਪਰ ਇਹਨਾਂ ਪਾਰਟੀਆਂ ਲਈ ਇਹ ਸਿਰਫ਼ ਰਾਜਨੀਤੀ ਦਾ ਵਿਸ਼ਾ ਹੈ।”

