Site icon Punjab Mirror

PM ਮੋਦੀ’- 2000 ਦੇ ਨੋਟਾਂ ਨੂੰ ਲੈ ਕੇ ਵੱਡਾ ਖੁਲਾਸਾ ਇੰਨਾ ਵੱਡਾ ਨੋਟ ਲਿਆਉਣ ਦੇ ਹੱਕ ‘ਚ ਨਹੀਂ ਸਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 2000 ਦਾ ਨੋਟ ਬਾਜ਼ਾਰ ਵਿੱਚ ਲਿਆਉਣ ਦੇ ਹੱਕ ਵਿੱਚ ਨਹੀਂ ਸਨ, ਪਰ ਕਿਉਂਕਿ ਨੋਟਬੰਦੀ ਸੀਮਤ ਸਮੇਂ ਵਿੱਚ ਕੀਤੀ ਜਾਣੀ ਸੀ, ਇਸ ਲਈ ਉਹ ਨਾ ਚਾਹੁੰਦੇ ਹੋਏ ਵੀ ਸਹਿਮਤ ਹੋ ਗਏ। ਪੀ.ਐੱਮ. ਮੋਦੀ ਨੇ ਦੋ ਹਜ਼ਾਰ ਦੇ ਨੋਟ ਨੂੰ ਗਰੀਬਾਂ ਦਾ ਨੋਟ ਨਹੀਂ ਸਮਝਿਆ। ਇਸ ਨੋਟਬੰਦੀ ਨੂੰ ਵੱਡਾ ਖ਼ਤਰਾ ਦੱਸਦੇ ਹੋਏ ਉਨ੍ਹਾਂ ਕਿਹਾ ਸੀ ਕਿ ਇਸ ਨਾਲ ਜਮ੍ਹਾਖੋਰੀ ਵਧੇਗੀ। ਪ੍ਰਧਾਨ ਮੰਤਰੀ ਦਫਤਰ ਵਿੱਚ ਉਸ ਵੇਲੇ ਤਾਇਨਾਤ ਪ੍ਰਧਾਨ ਸਕੱਤਰ ਨਰਪੇਂਦਰ ਮਿਸ਼ਰਾ ਨੇ ਇਹ ਖੁਲਾਸਾ ਕੀਤਾ।

ਮਿਸ਼ਰਾ ਨੇ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਕੋਲ ਨੋਟਬੰਦੀ ਵੇਲੇ ਬਾਜ਼ਾਰ ਦੀ ਮੰਗ ਨੂੰ ਪੂਰਾ ਕਰਨ ਲਈ ਉਸ ਵੇਲੇ ਇੰਨੀ ਪ੍ਰਿੰਟਿੰਗ ਸਮਰੱਥਾ ਨਹੀਂ ਸੀ। ਇਸ ਦੇ ਲਈ 2000 ਦੇ ਨੋਟ ਲਿਆਉਣ ਦਾ ਫੈਸਲਾ ਕੀਤਾ ਗਿਆ ਸੀ ਪਰ ਪ੍ਰਧਾਨ ਮੰਤਰੀ ਇਸ ਲਈ ਤਿਆਰ ਨਹੀਂ ਸਨ। ਉਸ ਵੇਲੇ ਦੇ ਹਾਲਾਤਾਂ ਨੂੰ ਦੇਖਦੇ ਹੋਏ ਉਨ੍ਹਾਂ ਇਸ ਦੀ ਇਜਾਜ਼ਤ ਦੇ ਦਿੱਤੀ ਸੀ।

ਮਿਸ਼ਰਾ ਨੇ ਕਿਹਾ ਕਿ ਨੋਟਬੰਦੀ ਤੋਂ ਬਾਅਦ 2000 ਰੁਪਏ ਦਾ ਨੋਟ ਲਿਆਉਣ ਦੀ ਸਲਾਹ ਦਿੱਤੀ ਗਈ ਸੀ, ਜੋ ਪੀ.ਐੱਮ. ਮੋਦੀ ਨੂੰ ਪਸੰਦ ਨਹੀਂ ਸੀ। ਉਨ੍ਹਾਂ ਕਿਹਾ ਸੀ ਕਿ ਗਰੀਬ ਅਤੇ ਮੱਧ ਵਰਗ 2000 ਰੁਪਏ ਦੇ ਨੋਟਾਂ ਦੀ ਵਰਤੋਂ ਨਹੀਂ ਕਰਦਾ। ਇਹ ਵਰਗ 500 ਅਤੇ 100 ਰੁਪਏ ਦੇ ਛੋਟੇ ਨੋਟਾਂ ਦੀ ਵਰਤੋਂ ਕਰਦਾ ਹੈ। ਮੋਦੀ ਨਹੀਂ ਚਾਹੁੰਦੇ ਸਨ ਕਿ ਗ਼ਰੀਬ ਤਬਕਾ ਪ੍ਰਭਾਵਿਤ ਹੋਵੇ।

ਉਨ੍ਹਾਂ ਅੱਗੇ ਕਿਹਾ ਕਿ ਦੋ ਹਜ਼ਾਰ ਰੁਪਏ ਦੇ ਨੋਟਾਂ ਦੀ ਵਾਪਸੀ ਪ੍ਰਧਾਨ ਮੰਤਰੀ ਦੀ ਮਾਡਿਊਲਰ ਬਿਲਡਿੰਗ ਅਪ੍ਰੋਚ ਨੂੰ ਦਰਸਾਉਂਦੀ ਹੈ। ਇਸ ਦੀ ਸ਼ੁਰੂਆਤ 2018-19 ‘ਚ ਦੋ ਹਜ਼ਾਰ ਰੁਪਏ ਦੇ ਨੋਟਾਂ ਦੀ ਛਪਾਈ ‘ਤੇ ਪਾਬੰਦੀ ਦੇ ਨਾਲ ਹੋਈ ਸੀ। ਇਸ ਤੋਂ ਬਾਅਦ ਇਹ ਹੌਲੀ-ਹੌਲੀ ਸਰਕੂਲੇਸ਼ਨ ਤੋਂ ਬਾਹਰ ਹੋ ਗਿਆ ਅਤੇ ਹੁਣ 30 ਸਤੰਬਰ 2023 ਨੂੰ ਇਹ ਪੂਰੀ ਤਰ੍ਹਾਂ ਸਰਕੂਲੇਸ਼ਨ ਤੋਂ ਬਾਹਰ ਹੋ ਜਾਵੇਗਾ।

ਇਹ ਵੀ ਪੜ੍ਹੋ : ਨੋਟ ਬੰਦ ਕੀਤੇ ਜਾਣ ‘ਤੇ ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਦਾ ਬਿਆਨ “2000 ਰੁਪਏ ਦੇ ਨੋਟ ਲਿਆਉਣ ਦਾ ਮਕਸਦ ਪੂਰਾ ਹੋ ਗਿਆ’

RBI ਨੇ 19 ਮਈ ਨੂੰ 2,000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਹੈ। ਇਸ ਨੂੰ 30 ਸਤੰਬਰ ਤੱਕ ਬੈਂਕਾਂ ‘ਚ ਜਮ੍ਹਾ ਕਰਵਾਉਣ ਤੋਂ ਇਲਾਵਾ ਇਸ ਨੂੰ ਬਦਲਿਆ ਵੀ ਜਾ ਸਕਦਾ ਹੈ। ਇਕ ਵਾਰ ‘ਚ ਸਿਰਫ 10 ਨੋਟ ਹੀ ਬਦਲੇ ਜਾਣਗੇ।

ਆਰਬੀਆਈ ਨੇ ਦੱਸਿਆ ਸੀ ਕਿ ਦੋ ਹਜ਼ਾਰ ਰੁਪਏ ਦੇ ਨੋਟ ਨੂੰ ਆਰਬੀਆਈ ਐਕਟ 1934 ਤਹਿਤ ਲਿਆਂਦਾ ਗਿਆ ਸੀ। ਪੁਰਾਣੇ 500 ਅਤੇ 1000 ਰੁਪਏ ਦੇ ਨੋਟ ਬੰਦ ਕੀਤੇ ਜਾਣ ਤੋਂ ਬਾਅਦ ਕਰੰਸੀ ਦੀ ਲੋੜ ਦੇ ਕਾਰਨ ਇਹ ਨੋਟ ਪੇਸ਼ ਕੀਤੇ ਗਏ ਸਨ। ਜਦੋਂ 500, 200 ਅਤੇ 100 ਦੇ ਛੋਟੇ ਨੋਟ ਕਾਫ਼ੀ ਮਾਤਰਾ ਵਿੱਚ ਬਜ਼ਾਰ ਵਿੱਚ ਆ ਗਏ ਹਨ ਤਾਂ 2000 ਰੁਪਏ ਦੇ ਨੋਟ ਪੇਸ਼ ਕਰਨ ਦਾ ਮਕਸਦ ਵੀ ਪੂਰਾ ਹੋ ਗਿਆ।

Exit mobile version