Site icon Punjab Mirror

ਪੈਟਰੋਲ-ਡੀਜ਼ਲ ਹੋ ਸਕਦੈ 25 ਰੁ. ਤੱਕ ਮਹਿੰਗਾ, ਯੂਪੀ ‘ਚ ਚੋਣਾਂ ਦਾ ਅੱਜ ਆਖਰੀ ਗੇੜ

Petrol Diesel price may hike

ਰੂਸ ਤੇ ਯੂਕਰੇਨ ਵਿਚਾਲੇ ਜਾਰੀ ਜੰਗ ਦਾ ਅਸਰ ਹੁਣ ਦਿਖਣਾ ਸ਼ੁਰੂ ਹੋ ਗਿਆ ਹੈ। ਜਿਸਦੇ ਚਲਦਿਆਂ ਗਲੋਬਲ ਬਾਜ਼ਾਰਾਂ ਵਿੱਚ ਜ਼ੋਰਦਾਰ ਗਿਰਾਵਟ ਆਈ ਹੈ ਤਾਂ ਉੱਥੇ ਹੀ ਦੂਜੇ ਪਾਸੇ ਤੇਲ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਕੌਮਾਂਤਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ਸੋਮਵਾਰ ਨੂੰ 139 ਡਾਲਰ ਪ੍ਰਤੀ ਬੈਰਲ ਨੂੰ ਪਾਰ ਗਈਆਂ ਹਨ, ਜੋ ਸਾਲ 2008 ਤੋਂ ਬਾਅਦ ਦਾ ਸਭ ਤੋਂ ਉੱਚਾ ਪੱਧਰ ਹੈ ।

ਅਮਰੀਕਾ ਅਤੇ ਉਸ ਦੇ ਸਹਿਯੋਗੀ ਰੂਸ ਤੋਂ ਤੇਲ ਦੇ ਆਯਾਤ ‘ਤੇ ਪਾਬੰਦੀ ਲਗਾਉਣ ‘ਤੇ ਵਿਚਾਰ ਕਰ ਰਹੇ ਹਨ। ਇਸਦੇ ਚੱਲਦਿਆਂ ਬਰੈਂਟ 139.13 ਡਾਲਰ ਪ੍ਰਤੀ ਬੈਰਲ ਤੇ WTI 130.50 ਡਾਲਰ ‘ਤੇ ਪਹੁੰਚ ਗਿਆ ਹੈ। ਸੋਮਵਾਰ ਤੜਕੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ 10 ਡਾਲਰ ਦੀ ਤੇਜ਼ੀ ਆਈ ਹੈ। ਇਹਨਾਂ ਕਾਰਨਾਂ ਕਰਕੇ ਕੱਚੇ ਤੇਲ ਦੀਆਂ ਕੀਮਤਾਂ 14 ਸਾਲ ਦੇ ਉੱਚ ਪੱਧਰ ‘ਤੇ ਪਹੁੰਚ ਗਈਆਂ ਹਨ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 25 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਸਕਦਾ ਹੈ।

ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਸਣੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਕਾਰਨ ਪਿਛਲੇ ਚਾਰ ਮਹੀਨਿਆਂ ਤੋਂ ਪੈਟਰੋਲ -ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਹੋਇਆ ਹੈ। ਪਿਛਲੇ ਸਾਲ ਨਵੰਬਰ ਦੇ ਸ਼ੁਰੂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਆਖਰੀ ਵਾਰ ਬਦਲਾਅ ਕੀਤਾ ਗਿਆ ਸੀ, ਉਸ ਸਮੇਂ ਔਸਤਨ ਕੱਚੇ ਤੇਲ ਦੀ ਕੀਮਤ 81.5 ਡਾਲਰ ਪ੍ਰਤੀ ਬੈਰਲ ਸੀ। ਹੁਣ ਇਹ 130 ਨੂੰ ਪਾਰ ਕਰ ਗਿਆ ਹੈ।

ਮਾਹਰਾਂ ਅਨੁਸਾਰ ਜੇਕਰ ਰੂਸ ਤੇ ਯੂਕਰੇਨ ਵਿਚਾਲੇ ਜੰਗ ਇਸੇ ਤਰ੍ਹਾਂ ਜਾਰੀ ਰਹੀ ਤਾਂ ਕੱਚੇ ਤੇਲ ਦੀਆਂ ਕੀਮਤਾਂ 185 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਸਕਦੀਆਂ ਹਨ। ਦੱਸ ਦੇਈਏ ਕਿ ਅੰਤਰਰਾਸ਼ਟਰੀ ਪੱਧਰ ‘ਤੇ ਜੇਕਰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਇੱਕ ਦਾ ਵਾਧਾ ਹੁੰਦਾ ਹੁੰਦਾ ਹੈ ਤਾਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ 50 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੁੰਦਾ ਹੈ। ਇਸ ਹਿਸਾਬ ਨਾਲ ਆਉਣ ਵਾਲੇ ਦਿਨਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ 25 ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ। ਗੌਰਤਲਬ ਹੈ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਅੱਜ ਆਖਰੀ ਪੜਾਅ ਦੀ ਵੋਟਿੰਗ ਚੱਲ ਰਹੀ ਹੈ ਅਤੇ ਕੱਲ੍ਹ ਯਾਨੀ ਮੰਗਲਵਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਸ਼ੁਰੂ ਹੋ ਸਕਦਾ ਹੈ।

Exit mobile version