Raman Bahl Joins AAP

ਕਾਂਗਰਸ ਨੂੰ ਅਲਵਿਦਾ ਕਹਿ AAP ਵਿੱਚ ਸ਼ਾਮਲ ਹੋਏ ਰਮਨ ਬਹਿਲ

ਗੁਰਦਾਸਪੁਰ : ਪਿਛਲੇ ਕਰੀਬ 100 ਸਾਲਾਂ ਤੋਂ ਗੁਰਦਾਸਪੁਰ ਸ਼ਹਿਰ ਅਤੇ ਸਰਹੱਦੀ ਜ਼ਿਲ੍ਹੇ ਦੀ ਸੇਵਾ ਕਰਦੇ ਆ ਰਹੇ ਰਮਨ ਬਹਿਲ ਕਾਂਗਰਸ ਨੂੰ ਛੱਡ ਅੱਜ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ। ਸਾਬਕਾ ਕਾਂਗਰਸੀ ਨੇਤਾ ਅਤੇ ਐੱਸ.ਐੱਸ. ਬੋਰਡ ਦੇ ਚੇਅਰਮੈਨ ਰਹੇ ਰਮਨ ਬਹਿਲ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਅਤੇ ਰਾਘਵ ਚੱਢਾ ਵਲੋਂ ‘ਆਪ’ ’ਚ ਸ਼ਾਮਲ ਕੀਤਾ ਗਿਆ। ਪਾਰਟੀ ਵਿੱਚ ਸ਼ਾਮਲ ਹੋਣ ’ਤੇ ਰਮਨ ਬਹਿਲ ਨੂੰ ਫੁੱਲਾਂ ਦਾ ਹਾਰ ਪਾ ਕੇ ਜੀ ਆਇਆ ਕਿਹਾ।

ਦੱਸ ਦੇਈਏ ਕਿ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲਕੈਸ਼ਨ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੇ ਆਪਣੇ ਇਸ ਵੱਕਾਰੀ ਅਹੁਦੇ ਤੋਂ ਮੁਕਤ ਹੋਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਸਤੀਫ਼ਾ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਰਮਨ ਬਹਿਲ ਨੇ ਕਾਂਗਰਸੀ ਪਾਰਟੀ ਨਾਲੋਂ ਨਾਤਾ ਤੋੜਦਿਆਂ ਕਾਂਗਰਸ ਪ੍ਰਧਾਨ ਨੂੰ ਵੀ ਆਪਣਾ ਅਸਤੀਫ਼ਾ ਭੇਜ ਦਿੱਤਾ ਹੈ। ਰਮਨ ਬਹਿਲ ਨੇ ਕਿਹਾ ਕਿ ਹੁਣ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਅਤੇ ਕਾਂਗਰਸ ਦੀ ਸਿਆਸਤ ਲੋਕਪੱਖੀ ਨਹੀਂ ਰਹੀ। ਅੱਜ ਕਾਂਗਰਸ ਪਾਰਟੀ ਤੇ ਸਰਕਾਰ ‘ਚ ਬਾਹੂਬਲੀਆਂ ਅਤੇ ਪੈਸੇ ਦਾ ਬੋਲਬਾਲਾ ਹੈ। ਇਥੇ ਜਮਹੂਰੀਅਤ ਨਾਂ ਦੀ ਕੋਈ ਚੀਜ਼ ਨਹੀਂ ਰਹੀ।

ਰਮਨ ਬਹਿਲ ਦੇ ਕਾਂਗਰਸ ਪਾਰਟੀ ਛੱਡਣ ਨਾਲ ਗੁਰਦਾਸਪੁਰ ਅੰਦਰ ਸਿਆਸੀ ਸਮੀਕਰਨਾਂ ਵਿੱਚ ਵੱਡੀ ਤਬਦੀਲੀ ਆ ਸਕਦੀ ਹੈ। ਰਮਨ ਬਹਿਲ ਜਿਥੇ ਖੁਦ 2 ਵਾਰ ਨਗਰ ਕੌਂਸਲ ਗੁਰਦਾਸਪਰੁ ਦੇ ਪ੍ਰਧਾਨ ਵਜੋਂ ਸੇਵਾ ਕਰ ਚੁੱਕੇ ਹਨ, ਉਥੇ ਉਨ੍ਹਾਂ ਦੇ ਪਿਤਾ ਸਵ. ਖੁਸ਼ਹਾਲ ਬਹਿਲ 4 ਵਾਰ ਵਿਧਾਇਕ ਰਹਿਣ ਦੇ ਨਾਲ-ਨਾਲ ਗਿਆਨੀ ਜ਼ੈਲ ਸਿੰਘ, ਹਰਚਰਨ ਸਿੰਘ ਬਰਾੜ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਤਿੰਨ ਵਾਰ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ। ਰਮਨ ਬਹਿਲ ਇਕ ਵਕੀਲ ਵੀ ਹਨ ਅਤੇ ਉਹ ਪੰਜਾਬ ਯੂਨੀਵਰਸਿਟੀ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਵਜੋਂ ਵੀ ਕੰਮ ਕਰ ਚੁੱਕੇ ਹਨ। ਰਮਨ ਬਹਿਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਸਨ।

ਰਮਨ ਬਹਿਲ ਦੇ ਦਾਦਾ ਸਵ. ਗੋਪਾਲ ਦਾਸ ਬਹਿਲ ਨੇ 1922 ਵਿੱਚ ਲਾਲਾ ਲਾਜਪਤ ਰਾਏ ਦੀ ਗੁਰਦਾਸਪੁਰ ਫੇਰੀ ਮੌਕੇ ਅੰਗਰੇਜ਼ੀ ਤੇ ਫੈਂਸੀ ਪਹਿਰਾਵੇ ਨੂੰ ਤਿਆਗ ਕੇ ਖੱਦਰ ਪਾਉਣਾ ਸ਼ੁਰੂ ਕੀਤਾ ਸੀ ਅਤੇ ਉਸ ਦਿਨ ਤੋਂ ਹੀ ਬਹਿਲ ਪਰਿਵਾਰ ਨੇ ਆਜ਼ਾਦੀ ਸੰਗਰਾਮ ਵਿੱਚ ਯੋਗਦਾਨ ਪਾਉਣ ਦੇ ਨਾਲ-ਨਾਲ ਸਮਾਜ ਸੇਵਾ ਕਰਨੀ ਸ਼ੁਰੂ ਕੀਤੀ। ਲੰਮਾ ਅਰਸਾ ਲੋਕ ਸੇਵਾ ਕਰਨ ਦੇ ਨਾਲ ਨਾਲ ਇਹ ਪਰਿਵਾਰ ਕਾਂਗਰਸ ਪਾਰਟੀ ਨਾਲ ਜੁੜਿਆ ਰਿਹਾ। ਰਮਨ ਬਹਿਲ ਦੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਨਾਲ ਹੁਣ ਗੁਰਦਾਸਪੁਰ ਹਲਕੇ ਅੰਦਰ ਚੋਣ ਮੁਕਾਬਲੇ ਹੋਰ ਰੌਚਕ ਹੋ ਸਕਦੇ ਹਨ।

Leave a Reply

Your email address will not be published. Required fields are marked *