ਪਟਿਆਲਾ : ਪੰਜਾਬ ਦੇ ਕਿਸਾਨਾਂ ਲਈ ਇਸ ਵਾਰ ਦੀ ਖੇਤੀ ਮੌਸਮ ਦੁੱਗਣੀ ਮੁਸੀਬਤ ਬਣ ਕੇ ਆਈ ਹੈ। ਪਹਿਲਾਂ ਜਿੱਥੇ ਲਗਾਤਾਰ ਹੋਈਆਂ ਭਿਆਨਕ ਹੜ੍ਹਾਂ ਨੇ ਸੈਂਕੜਿਆਂ ਏਕੜ ਖੇਤਾਂ ਨੂੰ ਤਬਾਹ ਕਰਕੇ ਕਿਸਾਨਾਂ ਦੀਆਂ ਮਹੀਨਿਆਂ ਦੀ ਮਿਹਨਤ ਪਾਣੀ ਵਿੱਚ ਬਹਾ ਦਿੱਤੀ, ਉੱਥੇ ਹੀ ਹੁਣ ਝੋਨੇ ਦੀ ਫਸਲ ‘ਚ ਇੱਕ ਨਵਾਂ ਵਾਇਰਸ ਦਾਖਲ ਹੋ ਗਿਆ ਹੈ, ਜਿਸਨੂੰ ਕਿਸਾਨ ‘ਚੀਨੀ ਵਾਇਰਸ’ ਕਹਿ ਰਹੇ ਹਨ। ਇਸ ਵਾਇਰਸ ਦੇ ਹਮਲੇ ਕਾਰਨ ਫਸਲ ਦੀ ਲੰਬਾਈ ਘੱਟ ਹੋ ਗਈ ਹੈ, ਪੌਦਿਆਂ ਦੀ ਵਾਧ ਕੁੰਝੀ ਰਹਿ ਗਈ ਹੈ ਅਤੇ ਕਈ ਖੇਤਾਂ ਵਿੱਚ ਪੈਦਾਵਾਰ ਲੱਗਭਗ ਖਤਮ ਹੋ ਚੁੱਕੀ ਹੈ।
ਅੱਜ ਪੀਟੀਸੀ ਨਿਊਜ਼ ਦੀ ਟੀਮ ਪਟਿਆਲਾ ਦੇ ਪਿੰਡ ਹਰਦਾਸਪੁਰ ਪਹੁੰਚੀ ਤਾਂ ਖੇਤਾਂ ਦੇ ਹਾਲਾਤ ਵੇਖ ਕੇ ਹੈਰਾਨ ਰਹਿ ਗਈ। ਖੇਤਾਂ ਵਿੱਚ ਪੀਲੇ ਪਏ ਪੌਦੇ, ਖਾਲੀ ਖੇਤਾਂ ਅਤੇ ਕਿਸਾਨਾਂ ਦੇ ਬੇਬਸ ਚਿਹਰੇ—ਇਹ ਸਾਰੇ ਦ੍ਰਿਸ਼ ਕਈ ਦੁੱਖਾਂ ਦੀ ਦਾਸਤਾਨ ਸੁਣਾ ਰਹੇ ਸਨ। ਕਿਸਾਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਨਾ ਕੋਈ ਜਾਚ ਟੀਮ ਆਈ ਹੈ ਨਾ ਹੀ ਕੋਈ ਅਧਿਕਾਰੀ ਹਾਲਾਤਾਂ ਦਾ ਜਾਇਜ਼ਾ ਲੈਣ ਤੱਕ ਪਹੁੰਚਿਆ ਹੈ। ਕਿਸਾਨਾਂ ਨੇ ਪੀਟੀਸੀ ਦਾ ਧੰਨਵਾਦ ਕੀਤਾ ਕਿ ਉਹ ਮੌਕੇ ‘ਤੇ ਪਹੁੰਚ ਕੇ ਉਨ੍ਹਾਂ ਦੀ ਆਵਾਜ਼ ਉਠਾ ਰਹੇ ਹਨ।
ਪਿੰਡ ਦੇ ਇੱਕ ਕਿਸਾਨ ਨੇ ਆਪਣੀ ਪੀੜ ਸਾਂਝੀ ਕਰਦਿਆਂ ਕਿਹਾ, “ਮੇਰੇ ਕੋਲ 10 ਕਿੱਲੇ ਜ਼ਮੀਨ ਹੈ ਜੋ ਮੈਂ ਠੇਕੇ ‘ਤੇ ਲਈ ਹੋਈ ਹੈ। ਸਾਰੀ ਫਸਲ ਇਸ ਵਾਇਰਸ ਨੇ ਤਬਾਹ ਕਰ ਦਿੱਤੀ ਹੈ। ਹੜ੍ਹਾਂ ਨੇ ਪਹਿਲਾਂ ਹੀ ਸਾਨੂੰ ਕਰਜ਼ੇ ਦੇ ਬੋਝ ਹੇਠਾਂ ਦਬਾ ਦਿੱਤਾ ਸੀ, ਹੁਣ ਇਹ ਨਵੀਂ ਬਿਮਾਰੀ ਸਾਡੀ ਰੂਹ ਤੱਕ ਹਿਲਾ ਰਹੀ ਹੈ।” ਕਿਸਾਨਾਂ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਦਿਖਾਈ ਦੇ ਰਿਹਾ ਹੈ ਅਤੇ ਨਾ ਹੀ ਸਿਹਤ ਜਾਂ ਖੇਤੀਬਾੜੀ ਵਿਭਾਗ ਦਾ ਕੋਈ ਮੈਂਬਰ ਮਦਦ ਲਈ ਆਇਆ ਹੈ।
ਹਾਲਾਤਾਂ ਨੂੰ ਹੋਰ ਭਿਆਨਕ ਇਸ ਗੱਲ ਨੇ ਬਣਾ ਦਿੱਤਾ ਹੈ ਕਿ ਇਹ ਪਿੰਡ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਹਲਕੇ ਵਿੱਚ ਪੈਂਦਾ ਹੈ, ਪਰ ਕਿਸਾਨਾਂ ਦੇ ਦਾਅਵੇ ਅਨੁਸਾਰ ਉਹ ਵੀ ਹਾਲਾਤਾਂ ਦਾ ਜਾਇਜ਼ਾ ਲੈਣ ਨਹੀਂ ਪਹੁੰਚੇ। ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਵੱਲੋਂ ਤੁਰੰਤ ਕਾਰਵਾਈ ਨਾ ਹੋਈ ਤਾਂ ਸੈਂਕੜਿਆਂ ਏਕੜ ਫਸਲ ਪੂਰੀ ਤਰ੍ਹਾਂ ਖਰਾਬ ਹੋ ਸਕਦੀ ਹੈ।
ਦੂਜੇ ਪਾਸੇ, ਮੰਡੀਆਂ ਦੀ ਹਾਲਤ ਵੀ ਕਿਸਾਨਾਂ ਲਈ ਵੱਖਰੀ ਚਿੰਤਾ ਬਣੀ ਹੋਈ ਹੈ। ਕਈ ਕਿਸਾਨਾਂ ਨੇ ਦੱਸਿਆ ਕਿ ਖੇਤਾਂ ਵਿੱਚ ਤਿਆਰ ਖੜ੍ਹੀ ਫਸਲ ਦੀ ਖਰੀਦ ਲਈ ਸਰਕਾਰ ਨੇ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਹੋ ਰਹੇ। ਆੜਤੀਆਂ ਨੇ ਵੀ ਗਿਲਾ ਕੀਤਾ ਕਿ ਮੰਡੀਆਂ ਵਿੱਚ ਇੰਸਪੈਕਟਰਾਂ ਦੀ ਗੈਰਹਾਜ਼ਰੀ ਕਾਰਨ ਖਰੀਦ ਦੀ ਪ੍ਰਕਿਰਿਆ ਅਟਕੀ ਹੋਈ ਹੈ, ਜਿਸ ਨਾਲ ਕਿਸਾਨਾਂ ਦੀ ਕਣਕ ਅਤੇ ਝੋਨਾ ਖੇਤਾਂ ਵਿੱਚ ਹੀ ਫਸਿਆ ਹੋਇਆ ਹੈ।
ਇਨ੍ਹਾਂ ਹਾਲਾਤਾਂ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਪਟਿਆਲਾ-2 ਹਲਕਾ ਇੰਚਾਰਜ ਜਸਪਾਲ ਸਿੰਘ ਬਿੱਟੂ ਚੱਠਾ ਪਿੰਡ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਸਰਕਾਰ ਨੂੰ ਤਿੱਖੇ ਸਵਾਲ ਕੀਤੇ। ਉਨ੍ਹਾਂ ਨੇ ਕਿਹਾ, “ਪਹਿਲਾਂ ਹੜ੍ਹਾਂ ਨੇ ਕਿਸਾਨਾਂ ਨੂੰ ਤਬਾਹ ਕੀਤਾ, ਹੁਣ ਇਹ ਵਾਇਰਸ ਖੇਤਾਂ ਨੂੰ ਬਰਬਾਦ ਕਰ ਰਿਹਾ ਹੈ, ਪਰ ਕੈਬਿਨਟ ਮੰਤਰੀ ਦੇ ਹਲਕੇ ਵਿੱਚ ਹੋਣ ਦੇ ਬਾਵਜੂਦ ਸਰਕਾਰ ਕਿਸਾਨਾਂ ਦੀ ਖਬਰ ਲੈਣ ਨਹੀਂ ਆ ਰਹੀ। ਇਹ ਬੇਹੱਦ ਸ਼ਰਮਨਾਕ ਹੈ।” ਚੱਠਾ ਨੇ ਮੰਗ ਕੀਤੀ ਕਿ ਸਰਕਾਰ ਤੁਰੰਤ ਮੰਡੀਆਂ ਵਿੱਚ ਖਰੀਦ ਸ਼ੁਰੂ ਕਰਨ ਦੇ ਹੁਕਮ ਜਾਰੀ ਕਰੇ ਅਤੇ ਵਾਇਰਸ ਕਾਰਨ ਹੋ ਰਹੇ ਨੁਕਸਾਨ ਦੀ ਭਰਪਾਈ ਲਈ ਮੁਆਵਜ਼ੇ ਦਾ ਐਲਾਨ ਕਰੇ।
ਅਕਾਲੀ ਦਲ ਨੇ ਐਲਾਨ ਕੀਤਾ ਹੈ ਕਿ ਜੇਕਰ ਜਲਦੀ ਕਾਰਵਾਈ ਨਾ ਹੋਈ ਤਾਂ ਡੀਸੀ ਪਟਿਆਲਾ ਅਤੇ ਹੋਰ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ। ਲੋੜ ਪੈਣ ‘ਤੇ ਧਰਨਾ-ਪ੍ਰਦਰਸ਼ਨ ਕਰਨ ਤੋਂ ਵੀ ਪਿੱਛੇ ਨਹੀਂ ਹਟਿਆ ਜਾਵੇਗਾ। ਚੱਠਾ ਨੇ ਕਿਹਾ ਕਿ ਪਾਰਟੀ ਜਲਦ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਵੀ ਇਸ ਖੇਤਰ ਵਿੱਚ ਲਿਆਏਗੀ, ਤਾਂ ਜੋ ਸਰਕਾਰ ‘ਤੇ ਦਬਾਅ ਬਣਾਇਆ ਜਾ ਸਕੇ।
ਕਿਸਾਨਾਂ ਨੇ ਆਖਰੀ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਦੀ ਮਿਹਨਤ, ਜੋ ਪਹਿਲਾਂ ਹੜ੍ਹਾਂ ਨੇ ਖਤਮ ਕੀਤੀ ਤੇ ਹੁਣ ਵਾਇਰਸ ਖਾ ਰਿਹਾ ਹੈ, ਬਚਾਉਣ ਲਈ ਸਰਕਾਰ ਤੁਰੰਤ ਕਦਮ ਚੁੱਕੇ, ਨਹੀਂ ਤਾਂ ਪੰਜਾਬ ਦਾ ਖੇਤੀਬਾੜੀ ਖੇਤਰ ਵੱਡੇ ਸੰਕਟ ਵਿੱਚ ਘਿਰ ਸਕਦਾ ਹੈ।