ਉੱਤਰੀ ਵਜ਼ੀਰਿਸਤਾਨ ਖੇਤਰ ‘ਚ ਤਣਾਅ ਵਧਦਾ ਜਾ ਰਿਹਾ ਹੈ। ਟੀਟੀਪੀ ਲੜਾਕਿਆਂ ਨਾਲ ਭਿਆਨਕ ਝੜਪਾਂ ਵਿੱਚ 26 ਪਾਕਿਸਤਾਨੀ ਸੈਨਿਕਾਂ ਦੇ ਮਾਰੇ ਜਾਣ ਮਗਰੋਂ ਹੁਣ ਪਾਕਿਸਤਾਨੀ ਫੌਜ ਵੱਡੇ ਹਮਲੇ ਦੀ ਤਿਆਰੀ ਕਰਦੀ ਦਿੱਖ ਰਹੀ ਹੈ। ਇੱਕ ਵਾਇਰਲ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਪਾਕਿਸਤਾਨੀ ਕੋਬਰਾ ਹੈਲੀਕਾਪਟਰਾਂ ਨੂੰ ਖੱਦੀ ਖੇਤਰ ਵੱਲ ਭਾਰੀ ਗੋਲਾ-ਬਾਰੂਦ ਲਿਜਾਂਦੇ ਹੋਏ ਦੇਖਿਆ ਜਾ ਸਕਦਾ ਹੈ। ਇਸ ਘਟਨਾ ਨਾਲ ਸਥਾਨਕ ਪਸ਼ਤੂਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।
ਸਥਾਨਕ ਲੋਕਾਂ ਨੇ ਪਾਕਿਸਤਾਨੀ ਫੌਜ ਨੂੰ ਤੁਰੰਤ ਹਮਲੇ ਰੋਕਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਫੌਜ ਨਿਰਦੋਸ਼ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਲੋਕਾਂ ਨੇ ਕਿਹਾ ਕਿ ਜੰਗ ਦੇ ਨਾਂ ‘ਤੇ ਪਸ਼ਤੂਨ ਇਲਾਕਿਆਂ ਨੂੰ ਤਬਾਹ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਅਫਗਾਨਿਸਤਾਨ ਤੇ ਪਾਕਿਸਤਾਨ ਨੇ ਹਾਲ ਹੀ ਵਿੱਚ 48 ਘੰਟਿਆਂ ਦੀ ਜੰਗਬੰਦੀ ਦਾ ਐਲਾਨ ਕੀਤਾ ਸੀ, ਪਰ ਇਸ ਦੇ ਬਾਵਜੂਦ ਦੋਵਾਂ ਪਾਸਿਆਂ ਤੋਂ ਸੈਨਿਕ ਗਤੀਵਿਧੀਆਂ ਜਾਰੀ ਹਨ। ਖਬਰਾਂ ਮੁਤਾਬਕ, ਪਾਕਿਸਤਾਨੀ ਫੌਜ ਸਰਹੱਦੀ ਖੇਤਰਾਂ ਵਿੱਚ ਆਪਣੀ ਮੌਜੂਦਗੀ ਵਧਾ ਰਹੀ ਹੈ।
ਇਸ ਵਿਚਕਾਰ, ਪਾਕਿਸਤਾਨੀ ਸੁਰੱਖਿਆ ਬਲਾਂ ਨੇ ਖੈਬਰ ਪਖਤੂਨਖਵਾ ਸੂਬੇ ਵਿੱਚ ਵੱਡੀ ਕਾਰਵਾਈ ਕਰਦਿਆਂ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ 34 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਫੌਜ ਦੇ ਮੀਡੀਆ ਵਿਭਾਗ ਆਈ.ਐੱਸ.ਪੀ.ਆਰ. ਨੇ ਦੱਸਿਆ ਕਿ ਇਹ ਕਾਰਵਾਈ ਉੱਤਰੀ ਵਜ਼ੀਰਿਸਤਾਨ, ਦੱਖਣੀ ਵਜ਼ੀਰਿਸਤਾਨ ਅਤੇ ਬੰਨੂ ਜ਼ਿਲ੍ਹਿਆਂ ਵਿੱਚ ਚਲਾਈ ਗਈ ਸੀ।
ਫੌਜ ਨੇ ਦਾਅਵਾ ਕੀਤਾ ਕਿ ਮਾਰੇ ਗਏ ਸਾਰੇ ਅੱਤਵਾਦੀ ‘ਫਿਤਨਾ ਅਲ-ਖਵਾਰੀਜ’ ਗਰੁੱਪ ਨਾਲ ਸਬੰਧਤ ਸਨ — ਇਹ ਉਹ ਸ਼ਬਦ ਹੈ ਜੋ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਟੀਟੀਪੀ ਲੜਾਕਿਆਂ ਲਈ ਵਰਤਿਆ ਜਾਂਦਾ ਹੈ।