ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਸਰਹੱਦ ਤਣਾਅ ਮੁੜ ਗੰਭੀਰ ਰੂਪ ਧਾਰ ਚੁੱਕਾ ਹੈ। ਦੋਵੇਂ ਦੇਸ਼ਾਂ ਨੇ ਹਾਲ ਹੀ ਵਿੱਚ ਆਪਸੀ ਸਹਿਮਤੀ ਨਾਲ 48 ਘੰਟਿਆਂ ਲਈ ਜੰਗਬੰਦੀ ਨੂੰ ਵਧਾਉਣ ਦਾ ਫੈਸਲਾ ਕੀਤਾ ਸੀ, ਪਰ ਕੁਝ ਘੰਟਿਆਂ ਬਾਅਦ ਹੀ ਤਾਲਿਬਾਨ ਸਰਕਾਰ ਨੇ ਪਾਕਿਸਤਾਨ ‘ਤੇ ਡੁਰੰਡ ਲਾਈਨ ਨਾਲ ਲੱਗਦੇ ਅਫਗਾਨ ਸੂਬੇ ਪਕਤਿਕਾ ਵਿੱਚ ਹਵਾਈ ਹਮਲੇ ਕਰਨ ਦਾ ਦੋਸ਼ ਲਗਾਇਆ ਹੈ।
ਤਾਲਿਬਾਨ ਦੇ ਅਨੁਸਾਰ, ਇਹ ਹਮਲੇ ਕਈ ਰਿਹਾਇਸ਼ੀ ਇਲਾਕਿਆਂ ਵਿੱਚ ਕੀਤੇ ਗਏ ਜਿੱਥੇ ਨਾਗਰਿਕ ਰਹਿੰਦੇ ਸਨ। ਹਵਾਈ ਹਮਲਿਆਂ ‘ਚ ਤਿੰਨ ਕ੍ਰਿਕਟ ਖਿਡਾਰੀਆਂ ਸਮੇਤ ਕੁੱਲ ਅੱਠ ਲੋਕਾਂ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਜ਼ਖਮੀ ਹੋਏ ਹਨ। ਅਫਗਾਨਿਸਤਾਨ ਕ੍ਰਿਕਟ ਬੋਰਡ (ACB) ਨੇ ਹਮਲੇ ਦੀ ਪੁਸ਼ਟੀ ਕਰਦਿਆਂ ਇਸਨੂੰ “ਖੇਡ ਜਗਤ ਲਈ ਵੱਡਾ ਨੁਕਸਾਨ” ਕਰਾਰ ਦਿੱਤਾ।
ਇਸ ਘਟਨਾ ਤੋਂ ਬਾਅਦ ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਵੱਡਾ ਫੈਸਲਾ ਲੈਂਦਿਆਂ ਐਲਾਨ ਕੀਤਾ ਕਿ ਉਹ ਨਵੰਬਰ ਵਿੱਚ ਪਾਕਿਸਤਾਨ ਵਿੱਚ ਹੋਣ ਵਾਲੀ ਤਿਕੋਣੀ ਟੀ-20 ਲੜੀ ਤੋਂ ਪਿੱਛੇ ਹਟ ਰਿਹਾ ਹੈ। ਇਸ ਲੜੀ ਵਿੱਚ ਪਾਕਿਸਤਾਨ, ਅਫਗਾਨਿਸਤਾਨ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਹਿੱਸਾ ਲੈਣ ਵਾਲੀਆਂ ਸਨ। ACB ਦਾ ਕਹਿਣਾ ਹੈ ਕਿ ਇਹ ਫੈਸਲਾ ਮਾਰੇ ਗਏ ਖਿਡਾਰੀਆਂ ਦੀ ਯਾਦ ਵਿੱਚ ਅਤੇ ਉਨ੍ਹਾਂ ਦੇ ਸਨਮਾਨ ਵਿੱਚ ਚੁੱਕਿਆ ਗਿਆ ਹੈ।
ਜਾਣਕਾਰੀ ਅਨੁਸਾਰ, 8 ਅਕਤੂਬਰ ਤੋਂ ਚੱਲ ਰਹੇ ਸਰਹੱਦੀ ਟਕਰਾਅ ਨੇ ਖੇਤਰ ਵਿੱਚ ਹਾਲਾਤ ਗੰਭੀਰ ਕਰ ਦਿੱਤੇ ਹਨ। ਦੋਵੇਂ ਦੇਸ਼ਾਂ ਨੇ 15 ਅਕਤੂਬਰ ਦੀ ਸ਼ਾਮ ਨੂੰ 48 ਘੰਟਿਆਂ ਦੀ ਜੰਗਬੰਦੀ ‘ਤੇ ਸਹਿਮਤੀ ਜਤਾਈ ਸੀ, ਜੋ 17 ਅਕਤੂਬਰ ਦੀ ਸ਼ਾਮ ਤੱਕ ਲਾਗੂ ਰਹਿਣੀ ਸੀ। ਪਰ ਜੰਗਬੰਦੀ ਦੇ ਵਧਾਉਣ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਹਮਲੇ ਹੋਣ ਨਾਲ ਤਣਾਅ ਫਿਰ ਚਰਮ ‘ਤੇ ਪਹੁੰਚ ਗਿਆ ਹੈ।
ਸੁਰੱਖਿਆ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਘਟਨਾ ਦੋਵੇਂ ਦੇਸ਼ਾਂ ਵਿਚਾਲੇ ਪਹਿਲਾਂ ਤੋਂ ਮੌਜੂਦ ਅਵਿਸ਼ਵਾਸ਼ ਨੂੰ ਹੋਰ ਵਧਾ ਸਕਦੀ ਹੈ ਅਤੇ ਖੇਤਰ ਦੀ ਸਥਿਰਤਾ ਲਈ ਵੱਡੀ ਚੁਣੌਤੀ ਬਣ ਸਕਦੀ ਹੈ।