Site icon Punjab Mirror

ਹੁਣ ਸ੍ਰੀ Golden Temple ‘ਚ ਨਹੀਂ ਹੋਵੇਗਾ ਹਾਰਮੋਨੀਅਮ ਨਾਲ ਕੀਰਤਨ ! SGPC ਪ੍ਰਧਾਨ ਬੋਲੇ- ‘ਇਹ ਅੰਗਰੇਜ਼ਾਂ ਵੱਲੋਂ ਦਿੱਤਾ ਗਿਆ ਸਾਜ਼’

ਆਉਣ ਵਾਲੇ ਤਿੰਨ ਸਾਲਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਅੰਦਰੋਂ ਹਾਰਮੋਨੀਅਮ ਦੀ ਆਵਾਜ਼ ਹੌਲੀ-ਹੌਲੀ ਖ਼ਤਮ ਹੋ ਜਾਵੇਗੀ । ਤਿੰਨ ਸਾਲਾਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਰਾਗੀ ਜਥੇ ਹਾਰਮੋਨੀਅਮ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰ ਦੇਣਗੇ । ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਹੁਕਮਾਂ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਹੁਕਮ ਨੂੰ ਲਾਗੂ ਕਰਨ ਦਾ ਫੈਸਲਾ ਕੀਤਾ ਹੈ।

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਐਚ.ਐਸ.ਧਾਮੀ ਦਾ ਕਹਿਣਾ ਹੈ ਕਿ ਹਾਰਮੋਨੀਅਮ ਕਦੇ ਵੀ ਗੁਰੂ ਸਾਹਿਬਾਨ ਵੱਲੋਂ ਵਰਤਿਆ ਜਾਣ ਵਾਲਾ ਸਾਜ਼ ਨਹੀਂ ਸੀ। ਭਾਰਤ ਵਿੱਚ ਹਾਰਮੋਨੀਅਮ ਅੰਗਰੇਜ਼ਾਂ ਵੱਲੋਂ ਦਿੱਤਾ ਗਿਆ ਇੱਕ ਸਾਜ਼ ਹੈ। ਹਾਰਮੋਨੀਅਮ ਨੂੰ ਬ੍ਰਿਟਿਸ਼ ਰਾਜ ਦੌਰਾਨ ਭਾਰਤ ਲਿਆਂਦਾ ਗਿਆ ਅਤੇ 1901 ਉਹ ਸਾਲ ਸੀ ਜਦੋਂ ਰਾਗੀ ਜੱਥਿਆਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪਹਿਲੀ ਵਾਰ ਹਾਰਮੋਨੀਅਮ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਸੀ। 122 ਸਾਲ ਬਾਅਦ ਹਾਰਮੋਨੀਅਮ ਦੀ ਵਰਤੋਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ 125 ਸਾਲ ਬਾਅਦ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ।

ਮਿਲੀ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਹਾਰਮੋਨੀਅਮ ਦੀ ਵਰਤੋਂ ਨੂੰ ਇੱਕ ਦਮ ਬੰਦ ਨਹੀਂ ਕਰੇਗੀ। ਇਸ ਨੂੰ ਹੌਲੀ-ਹੌਲੀ ਹਟਾਇਆ ਜਾਵੇਗਾ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਕਰਨ ਵਾਲੇ ਜੱਥੇ ਹੌਲੀ-ਹੌਲੀ ਇਸ ਦੀ ਵਰਤੋਂ ਬੰਦ ਕਰ ਦੇਣਗੇ, ਤਾਂ ਜੋ ਰੋਜ਼ਾਨਾ ਆਉਣ ਵਾਲੇ ਸ਼ਰਧਾਲੂ ਵੀ ਇਸ ਤਬਦੀਲੀ ਵਿੱਚ ਆਪਣੇ-ਆਪ ਨੂੰ ਢਾਲ ਸਕਣ। ਇਸ ਦੀ ਜਗ੍ਹਾ ਹੁਣ ਸਿਰਫ ਪੁਰਾਣੇ ਤਾਰਾਂ ਵਾਲੇ ਸਾਜ਼ਾਂ ਦੀ ਵਰਤੋਂ ਕੀਤੀ ਜਾਵੇਗੀ।

ਦੱਸ ਦੇਈਏ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਕੀਰਤਨ ਕਰਨ ਵਾਲੇ 15 ਜੱਥੇ ਹਨ, ਜੋ 24 ਘੰਟਿਆਂ ਵਿੱਚੋਂ 20 ਘੰਟੇ ਕੀਰਤਨ ਕਰਦੇ ਹਨ । ਇਹ ਜੱਥੇ ਦਿਨ ਅਤੇ ਮੌਸਮ ਅਨੁਸਾਰ 31 ਮੁੱਖ ਰਾਗਾਂ ਵਿੱਚੋਂ ਇੱਕ-ਇੱਕ ਰਾਗ ਚੁਣਦੇ ਹਨ ਅਤੇ ਉਨ੍ਹਾਂ ਦਾ ਗਾਇਨ ਕਰਦੇ ਹਨ । ਇਨ੍ਹਾਂ ਵਿੱਚੋਂ 5 ਜੱਥੇ ਅਜਿਹੇ ਹਨ ਜੋ ਬਿਨ੍ਹਾਂ ਹਾਰਮੋਨੀਅਮ ਤੋਂ ਕੀਰਤਨ ਕਰਨਾ ਜਾਣਦੇ ਹਨ। ਇਹ ਜੱਥੇ ਰਬਾਬ ਅਤੇ ਸਾਰੰਦਾ ਵਰਗੇ ਸਾਜ਼ਾਂ ਦੀ ਵਰਤੋਂ ਕਰਦੇ ਹਨ । ਹੋਰਨਾਂ ਦੀ ਸਿਖਲਾਈ ਵੀ ਸ਼ੁਰੂ ਹੋ ਗਈ ਹੈ । ਅਗਲੇ ਤਿੰਨ ਸਾਲਾਂ ਵਿੱਚ ਇਹ ਸਾਰੇ ਜੱਥੇ ਬਿਨ੍ਹਾਂ ਹਾਰਮੋਨੀਅਮ ਤੋਂ ਕੀਰਤਨ ਕਰ ਸਕਣਗੇ।

Exit mobile version