ਨਾਭਾ ਦੇ ਨੇੜਲੇ ਪਿੰਡ ਦੁਲੱਦੀ ਤੋਂ ਇੱਕ ਵੱਡੀ ਦੁਰਘਟਨਾ ਦੇ ਵਾਪਰਨ ਦੀ ਖ਼ਬਰ ਮਿਲੀ ਹੈ। ਅੱਜ ਸਵੇਰੇ ਸਥਾਨਕ ਪ੍ਰਾਈਵੇਟ ਸਕੂਲ ਦੀ ਬੱਸ, ਜਿਸ ਵਿੱਚ ਲਗਭਗ 20 ਵਿਦਿਆਰਥੀ ਸਵਾਰ ਸਨ, ਅਚਾਨਕ ਕਕਰਾਲਾ-ਦੁਲੱਦੀ ਸੜਕ ਦੇ ਕਿਨਾਰੇ ਬਣੇ ਸੇਮ ਨਾਲੇ ਵਿਚ ਪਲਟ ਗਈ। ਖੁਸ਼ਕਿਸਮਤੀ ਨਾਲ, ਸਾਰੇ ਵਿਦਿਆਰਥੀਆਂ ਨੂੰ ਬੱਸ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਕਿਸੇ ਦੀ ਜਾਨ ਨੂੰ ਕੋਈ ਨੁਕਸਾਨ ਨਹੀਂ ਹੋਇਆ।
ਦੁਰਘਟਨਾ ਦੇ ਤੁਰੰਤ ਬਾਅਦ ਸਥਾਨਕ ਲੋਕ, ਸਕੂਲ ਸਟਾਫ ਅਤੇ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਬੱਚਿਆਂ ਨੂੰ ਤੁਰੰਤ ਬੱਸ ਦੇ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ ਗਿਆ। ਮੌਕੇ ’ਤੇ ਹੜਕੰਪ ਦਾ ਮਾਹੌਲ ਬਣ ਗਿਆ ਸੀ ਪਰ ਮਾਪਿਆਂ ਅਤੇ ਸਥਾਨਕ ਲੋਕਾਂ ਨੇ ਰਾਹਤ ਦੀ ਸਾਹ ਲਿਆ ਕਿ ਕੋਈ ਗੰਭੀਰ ਜਾਨੀ ਨੁਕਸਾਨ ਨਹੀਂ ਹੋਇਆ।
ਇੱਕ ਵਿਦਿਆਰਥੀ ਨੇ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਬੱਸ ਸੜਕ ‘ਤੇ ਆ ਰਹੀ ਸੀ ਤਾਂ ਸਾਹਮਣੇ ਤੋਂ ਇਕ ਵਾਹਨ ਤੇਜ਼ੀ ਨਾਲ ਆ ਗਿਆ। ਟੱਕਰ ਤੋਂ ਬਚਾਉਣ ਲਈ ਡਰਾਈਵਰ ਨੇ ਬੱਸ ਨੂੰ ਸੜਕ ਦੇ ਕਿਨਾਰੇ ਵੱਲ ਘੁਮਾਉਣ ਦੀ ਕੋਸ਼ਿਸ਼ ਕੀਤੀ ਪਰ ਸੰਤੁਲਨ ਗੁਆਉਣ ਕਾਰਨ ਬੱਸ ਸਿੱਧੀ ਸੇਮ ਨਾਲੇ ਵਿੱਚ ਜਾ ਪਲਟੀ।
ਸਕੂਲ ਸਟਾਫ ਦੇ ਇੱਕ ਮੈਂਬਰ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਵੇਂ ਹੀ ਇਸ ਘਟਨਾ ਬਾਰੇ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਵਿੱਚ ਮਦਦ ਕੀਤੀ। ਇਸ ਦੌਰਾਨ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ।
ਸੀਟਾਂ ਵਾਲਾ ਪੁਲਿਸ ਚੌਂਕੀ ਦੇ ਇੰਚਾਰਜ ਗੁਰਮੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਗੰਭੀਰਤਾ ਨਾਲ ਜਾਂਚ ਅਧੀਨ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਡਰਾਈਵਰ ਦੀ ਲਾਪਰਵਾਹੀ ਜਾਂ ਹੋਰ ਕਿਸੇ ਵੀ ਕਾਰਨ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਨਤੀਜੇ ਅਨੁਸਾਰ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਸ ਘਟਨਾ ਤੋਂ ਬਾਅਦ ਸਥਾਨਕ ਪਿੰਡਾਂ ਵਿੱਚ ਮਾਪਿਆਂ ਅਤੇ ਲੋਕਾਂ ਵਿਚ ਚਿੰਤਾ ਦਾ ਮਾਹੌਲ ਹੈ। ਲੋਕਾਂ ਦਾ ਕਹਿਣਾ ਹੈ ਕਿ ਸਕੂਲ ਬੱਸਾਂ ਦੀ ਸੁਰੱਖਿਆ ਤੇ ਡਰਾਈਵਰਾਂ ਦੀ ਸਾਵਧਾਨੀ ਨੂੰ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀ ਕੋਈ ਅਣਚਾਹੀ ਘਟਨਾ ਨਾ ਵਾਪਰੇ।