Site icon Punjab Mirror

MLA ਖ਼ਿਲਾਫ਼ ਕਤਲ ਦੀ ਸ਼ਿਕਾਇਤ ਅਸਮਾਨ ‘ਚ ਹੈਲੀਕਾਪਟਰ ਰਾਹੀਂ ਉੱਡ ਰਹੇ ਸਨ MLA, ਥੱਲੇ ਜ਼ਮੀਨ ‘ਤੇ ਹੋ ਗਈ ਮੱਝ ਦੀ ਮੌਤ

ਰਾਜਸਥਾਨ ਦੇ ਅਲਵਰ ਜ਼ਿਲ੍ਹੇ ‘ਚ ਸਥਿੱਤ ਬਹਿਰੋੜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਲਜੀਤ ਯਾਦਵ ਅਤੇ ਪਾਇਲਟ ਖ਼ਿਲਾਫ਼ ਉਨ੍ਹਾਂ ਦੇ ਹੀ ਵਿਧਾਨ ਸਭਾ ਖੇਤਰ ‘ਚ ਰਹਿਣ ਵਾਲੇ ਇਕ ਪਸ਼ੂ ਮਾਲਕ ਨੇ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਿੱਤੀ ਹੈ।

ਧਰਤੀ ‘ਤੇ ਮਰੀ ਇਕ ਮੱਝ ਦੀ ਮੌਤ ਲਈ ਅਸਮਾਨ ‘ਚ ਉੱਡਦਾ ਹੈਲੀਕਾਪਟਰ ਦਾ ਪਾਇਲਟ ਜ਼ਿੰਮੇਵਾਰ ਹੋ ਸਕਦਾ ਹੈ। ਸਵਾਲ ਗੁੰਝਲਦਾਰ ਹੈ ਅਤੇ ਹੁਣ ਪੁਲਿਸ ਨੂੰ ਜਵਾਬ ਲੱਭਣਾ ਹੋਵੇਗਾ। ਸੁਣ ਕੇ ਹੈਰਾਨੀ ਹੋਵੇਗੀ ਕਿ ਇਹ ਮਾਮਲਾ ਰਾਜਸਥਾਨ ਦਾ ਹੈ। ਇੱਥੇ ਇੱਕ ਮੱਝ ਦੀ ਮੌਤ ਹੋਣ ‘ਤੇ ਪਸ਼ੂ ਦਾ ਮਾਲਕ ਥਾਣੇ ਪਹੁੰਚ ਗਿਆ। ਉਸ ਨੇ ਆਪਣੀ ਸ਼ਿਕਾਇਤ ‘ਚ ਜੋ ਕਿਹਾ, ਉਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਪਸ਼ੂ ਮਾਲਕ ਦਾ ਕਹਿਣਾ ਹੈ ਕਿ ਵਿਧਾਇਕ ਦਾ ਹੈਲੀਕਾਪਟਰ ਉੱਪਰ ਤੋਂ ਲੰਘਿਆ ਅਤੇ ਸਦਮੇ ‘ਚ ਜਾਂ ਡਰ ਕਾਰਨ ਜ਼ਮੀਨ ‘ਤੇ ਬੰਨ੍ਹੀ ਉਸ ਦੀ ਮੱਝ ਦੀ ਜਾਨ ਚਲੀ ਗਈ। ਘਟਨਾ ਐਤਵਾਰ ਦੀ ਹੈ।

ਰਾਜਸਥਾਨ ਦੇ ਅਲਵਰ ਜ਼ਿਲ੍ਹੇ ‘ਚ ਸਥਿੱਤ ਬਹਿਰੋੜ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਲਜੀਤ ਯਾਦਵ ਅਤੇ ਪਾਇਲਟ ਖ਼ਿਲਾਫ਼ ਉਨ੍ਹਾਂ ਦੇ ਹੀ ਵਿਧਾਨ ਸਭਾ ਖੇਤਰ ‘ਚ ਰਹਿਣ ਵਾਲੇ ਇਕ ਪਸ਼ੂ ਮਾਲਕ ਨੇ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਸ਼ਿਕਾਇਤ ਲੈ ਲਈ ਹੈ, ਪਰ ਫਿਲਹਾਲ ਮਾਮਲਾ ਦਰਜ ਨਹੀਂ ਕੀਤਾ ਹੈ। ਹੁਣ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ ਬਹੁਤ ਹੀ ਹੈਰਾਨੀਜਨਕ ਹੈ, ਇਸ ਲਈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਪਿੰਡ ਕੋਹਰਾਣਾ ਦੇ ਰਹਿਣ ਵਾਲੇ ਪਸ਼ੂ ਮਾਲਕ ਅਤੇ ਕਿਸਾਨ ਬਲਵੀਰ ਨੇ ਥਾਣਾ ਬਹਿਰੋੜ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਹੈ। ਉਸ ਦਾ ਦਾਅਵਾ ਹੈ ਕਿ ਉਸ ਦੀ ਮੱਝ ਦੀ ਕੀਮਤ 1 ਲੱਖ 50 ਹਜ਼ਾਰ ਰੁਪਏ ਸੀ ਅਤੇ ਉਹ ਪੂਰੀ ਤਰ੍ਹਾਂ ਤੰਦਰੁਸਤ ਸੀ। ਐਤਵਾਰ ਨੂੰ ਇੱਕ ਹੈਲੀਕਾਪਟਰ ਉੱਚੀ ਆਵਾਜ਼ ‘ਚ ਬਾੜੇ ‘ਚ ਬੱਝੀ ਮੱਝ ਤੋਂ ਸਿਰਫ਼ 10 ਤੋਂ 15 ਫੁੱਟ ਉੱਪਰੋਂ ਲੰਘਿਆ ਅਤੇ ਇਸ ਕਾਰਨ ਮੱਝ ਦੀ ਸਦਮੇ ‘ਚ ਮੌਤ ਹੋ ਗਈ। ਹੁਣ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਾਂ ਤਾਂ ਸਰਕਾਰ ਮੱਝਾਂ ਵਾਪਸ ਕਰੇ ਜਾਂ ਫਿਰ 1 ਲੱਖ 50 ਹਜ਼ਾਰ ਰੁਪਏ ਦੇਵੇ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਪੋਸਟਮਾਰਟਮ ਦੀ ਰਿਪੋਰਟ ਨਹੀਂ ਆਈ ਹੈ। ਉਸ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮੱਝ ਦੀ ਮੌਤ ਕਿਵੇਂ ਹੋਈ। ਪਾਇਲਟ ਅਤੇ ਹੋਰਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਦੂਜੇ ਪਾਸੇ ਇਹ ਸਾਰਾ ਪ੍ਰੋਗਰਾਮ ਵਿਧਾਇਕ ਬਲਜੀਤ ਯਾਦਵ ਦੀ ਤਰਫੋਂ ਕੀਤਾ ਗਿਆ ਸੀ। ਯਾਦਵ ਬਹਿਰੋੜ ਤੋਂ ਵਿਧਾਇਕ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚਾਰ ਸਾਲਾਂ ਦੌਰਾਨ ਜਨਤਾ ਨੇ ਸਹਿਯੋਗ ਦਿੱਤਾ, ਵਿਕਾਸ ਕਾਰਜ ਕਰਵਾਏ। ਉਨ੍ਹਾਂ ਦਾ ਧੰਨਵਾਦ ਕਰਨ ਲਈ ਪਿੰਡਾਂ ‘ਚ ਫੁੱਲਾਂ ਦੀ ਵਰਖਾ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਐਤਵਾਰ ਨੂੰ ਕਈ ਪਿੰਡਾਂ ‘ਚ ਹੈਲੀਕਾਪਟਰ ਰਾਹੀਂ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਤਰ੍ਹਾਂ ਦਾ ਪ੍ਰੋਗਰਾਮ ਭਵਿੱਖ ‘ਚ ਵੀ ਜਾਰੀ ਰਹੇਗਾ।

Exit mobile version