ਮਾਨਸਾ : ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਸੋਸ਼ਲ ਮੀਡੀਆ ਰਾਹੀਂ ਭਾਵੁਕ ਹੋ ਕੇ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਲਿਖਿਆ, “ਸਾਡੇ ਪੁੱਤ ਦੀ ਯਾਦ ‘ਤੇ ਹਮਲਾ ਹੋਇਆ ਹੈ, ਜੋ ਸਾਡੀ ਆਤਮਾ ‘ਤੇ ਚੋਟ ਵਾਂਗ ਲੱਗਾ ਹੈ। ਕੁਝ ਦਿਨ ਪਹਿਲਾਂ, ਮੇਰੇ ਪੁੱਤ ਦੀ ਯਾਦ ਵਿੱਚ ਬਣਾਏ ਗਏ ਸਥਾਨ ‘ਤੇ ਗੋਲੀਆਂ ਚਲਾਈਆਂ ਗਈਆਂ। ਇਹ ਕੋਈ ਆਮ ਮੂਰਤ ਨਹੀਂ ਸੀ, ਇਹ ਉਹਦੇ ਚਾਹੁਣ ਵਾਲਿਆਂ ਵੱਲੋਂ ਦਿੱਤਾ ਗਿਆ ਸਨਮਾਨ ਅਤੇ ਪਿਆਰ ਦਾ ਨਿਸ਼ਾਨ ਸੀ।”ਉਨ੍ਹਾਂ ਕਿਹਾ ਕਿ ਸਿੱਧੂ ਲੋਕਾਂ ਦੀ ਆਵਾਜ਼ ਸੀ, ਜੋ ਹਮੇਸ਼ਾ ਹੱਕਾਂ ਲਈ ਖੜਾ ਰਹਿਆ। “ਅਜਿਹਾ ਲੱਗ ਰਿਹਾ ਹੈ ਕਿ ਹੁਣ ਵੀ ਉਸ ਦੀ ਆਵਾਜ਼ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਹਮਲਾ ਸਿਰਫ ਢਾਂਚੇ ‘ਤੇ ਨਹੀਂ, ਸਾਡੀ ਰੂਹ ‘ਤੇ ਸੀ।”
ਚਰਨ ਕੌਰ ਨੇ ਅੱਗੇ ਕਿਹਾ, “ਜਿਨ੍ਹਾਂ ਨੇ ਮੇਰੇ ਪੁੱਤ ਦੀ ਜਾਨ ਲਈ ਸਾਜ਼ਿਸ਼ ਰਚੀ, ਉਹ ਉਸ ਦੀ ਮੌਤ ਤੋਂ ਬਾਅਦ ਵੀ ਪਿੱਛਾ ਨਹੀਂ ਛੱਡ ਰਹੇ। ਪਰ ਮੂਸੇਵਾਲਾ ਸਿਰਫ ਇਕ ਨਾਂ ਨਹੀਂ, ਇਕ ਲਹਿਰ ਹੈ ਜਿਸਨੂੰ ਕਦੇ ਮਿਟਾਇਆ ਨਹੀਂ ਜਾ ਸਕਦਾ। ਸਾਡੀ ਚੁੱਪੀ ਨੂੰ ਹਾਰ ਨਾ ਸਮਝਿਆ ਜਾਵੇ। ਇਕ ਨਾ ਇਕ ਦਿਨ ਹਰੇਕ ਨੂੰ ਆਪਣੇ ਕਰਮਾਂ ਦਾ ਫਲ ਜ਼ਰੂਰ ਮਿਲੇਗਾ।”ਯਾਦ ਰਹੇ ਕਿ ਹਾਲ ਹੀ ਵਿੱਚ ਡੱਬਵਾਲੀ ਨੇੜੇ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਬਣਾਏ ਮੈਮੋਰੀਅਲ ‘ਤੇ ਕੁਝ ਅਣਪਛਾਤੇ ਹਮਲਾਵਰ ਰਾਤ ਦੇ ਸਮੇਂ ਗੋਲੀਬਾਰੀ ਕਰਕੇ ਫਰਾਰ ਹੋ ਗਏ ਸਨ।