Site icon Punjab Mirror

ਪੰਜਾਬ ਅਤੇ ਹਰਿਆਣਾ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ।ਮੀਂਹ ਪੈਣ ਕਾਰਨ ਪੰਜ ਹਜ਼ਾਰ ਮੈਗਾਵਾਟ ਤੱਕ ਘਟੀ ਬਿਜਲੀ ਦੀ ਮੰਗ

punjab rain electricity demand: ਪੰਜਾਬ ਅਤੇ ਹਰਿਆਣਾ ਵਿੱਚ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਪੰਜਾਬ ‘ਚ ਇਹ ਮੋਹਾਲੀ, ਰੋਪੜ, ਹੁਸ਼ਿਆਰਪੁਰ ਦੇ ਰਸਤੇ ਪਠਾਨਕੋਟ ‘ਚ ਦਾਖਲ ਹੋ ਗਿਆ ਹੈ, ਮੌਨਸੂਨ ਲਾਈਨ ਜੰਮੂ ਤੱਕ ਜਾ ਚੁੱਕੀ ਹੈ। ਸ਼ੁੱਕਰਵਾਰ ਨੂੰ ਪੂਰੇ ਪੰਜਾਬ-ਹਰਿਆਣਾ ਨੂੰ ਕਵਰ ਕਰੇਗੀ, ਦੋਵਾਂ ਸੂਬਿਆਂ ‘ਚ ਭਾਰੀ ਮੀਂਹ ਦੀ ਸੰਭਾਵਨਾ ਦੱਸੀ ਗਈ ਸੀ। ਸੂਬੇ ਵਿਚ ਭਰਵਾਂ ਮੀਂਹ ਪੈਣ ਕਾਰਨ ਪਾਵਰਕੌਮ ਨੂੰ ਵੀ ਸੁੱਖ ਦਾ ਸਾਹ ਆਇਆ ਹੈ। ਇਸ ਦੌਰਾਨ ਬਿਜਲੀ ਦੀ ਮੰਗ ਪੰਜ ਹਜ਼ਾਰ ਮੈਗਾਵਾਟ ਘੱਟ ਗਈ ਹੈ ਜਿਸ ਕਾਰਨ ਥਰਮਲ ਪਲਾਂਟਾਂ ਦੇ ਕੁਝ ਯੂਨਿਟ ਬੰਦ ਕਰ ਦਿੱਤੇ ਗਏ ਅਤੇ ਬਾਕੀਆਂ ਤੋਂ ਬਿਜਲੀ ਉਤਪਾਦਨ ਘਟਾ ਦਿੱਤਾ ਗਿਆ ਹੈ।

ਪਾਵਰਕੌਮ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਤੋਂ ਪ੍ਰਾਪਤ ਜਾਣਕਾਰੀ ਅਨੂਸਾਰ ਇੱਕ ਦਿਨ ਪਹਿਲਾਂ ਤੱਕ ਬਿਜਲੀ ਦੀ ਮੰਗ 14200 ਮੈਗਾਵਾਟ ਸੀ ਪਰ ਅੱਜ ਮੀਂਹ ਪੈਣ ਨਾਲ ਬਿਜਲੀ ਮੰਗ ਘੱਟ ਕੇ 9200 ਮੈਗਾਵਾਟ ਰਹਿ ਗਈ ਹੈ। ਰੋਪੜ ਥਰਮਲ ਪਲਾਂਟ ਦੇ ਚਾਰ ਵਿਚੋਂ ਦੋ ਯੂਨਿਟ ਬੰਦ ਕਰ ਦਿੱਤੇ ਗਏ ਅਤੇ ਬਾਕੀਆਂ ਤੋਂ ਬਿਜਲੀ ਉਤਪਾਦਨ ਘਟਾ ਕੇ ਸਿਰਫ 150 ਮੈਗਾਵਾਟ ਕਰ ਦਿੱਤਾ ਗਿਆ। 920 ਮੈਗਾਵਾਟ ਦੀ ਸਮਰੱਥਾ ਵਾਲੇ ਲਹਿਰਾ ਮੁਹੱਬਤ ਥਰਮਲ ਦਾ ਇਕ ਯੂਨਿਟ ਪਹਿਲਾਂ ਹੀ ਬੰਦ ਸੀ ਤੇ ਅੱਜ ਦੋ ਹੋਰ ਯੂਨਿਟ ਬੰਦ ਕਰ ਦਿੱਤੇ ਗਏ।

ਇਸ ਦੇ ਇੱਕ ਯੂਨਿਟ ਵਲੋਂ 185 ਮੈਗਾਵਾਟ ਉਤਪਾਦਨ ਕੀਤਾ ਗਿਆ। 1980 ਮੈਗਾਵਾਟ ਵਾਲੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਭਾਵੇਂ ਤਿੰਨੇ ਹੀ ਯੂਨਿਟ ਚੱਲ ਰਹੇ ਹਨ ਪਰ 985 ਮੈਗਾਵਾਟ ਬਿਜਲੀ ਪੈਦਾਵਾਰ ਹੀ ਕੀਤੀ ਗਈ। ਇਸੇ ਤਰ੍ਹਾਂ 540 ਮੈਗਾਵਾਟ ਵਾਲੇ ਗੋਇੰਦਵਾਲ ਥਰਮਲ ਦੇ ਦੋਵੇਂ ਯੂਨਿਟਾਂ ਤੋਂ ਵੀ ਪੈਦਾਵਾਰ ਘਟਾ ਕੇ ਤਿੰਨ ਸੌ ਕੀਤੀ ਗਈ। ਉਧਰ ਰਾਜਪੁਰਾ ਸਥਿਤ 1400 ਮੈਗਾਵਾਟ ਸਮਰੱਥਾ ਵਾਲੇ ਥਰਮਲ ਪਲਾਂਟ ਵਲੋਂ 670 ਮੈਗਾਵਾਟ ਬਿਜਲੀ ਪੈਦਾ ਕੀਤੀ ਗਈ।

Exit mobile version