ਮੋਗਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਵਿੱਚੋਂ ਇਕ ਅਜੀਬੋ-ਗਰੀਬ ਘਟਨਾ ਸਾਹਮਣੇ ਆਈ ਹੈ, ਜਿਸ ਨੇ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ। ਇੱਥੇ ਪਿੰਡ ਦੇ ਕੁਝ ਨੌਜਵਾਨ ਛੜੇ ਮੁੰਡਿਆਂ ਨੇ ਮਿਲ ਕੇ ਆਪਣੇ ਸਰਪੰਚ ਨੂੰ ਇੱਕ ਵਿਲੱਖਣ ਮੰਗ ਪੱਤਰ ਸੌਂਪਿਆ ਹੈ। ਇਹ ਪੱਤਰ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਵਿਚਕਾਰ ਹਾਸੇ-ਮਜ਼ਾਕ ਨਾਲ ਨਾਲ ਚਰਚਾਵਾਂ ਦਾ ਕੇਂਦਰ ਬਣਿਆ ਹੋਇਆ ਹੈ।
ਨੌਜਵਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਉਮਰ ਹੁਣ 30 ਸਾਲ ਦੇ ਕਰੀਬ ਹੋ ਗਈ ਹੈ ਪਰ ਅਜੇ ਤੱਕ ਉਹਨਾਂ ਦੇ ਵਿਆਹ ਨਹੀਂ ਹੋਏ। ਉਹਨਾਂ ਨੇ ਆਪਣੇ ਪੱਤਰ ਵਿੱਚ ਦਰਸਾਇਆ ਹੈ ਕਿ ਪਿੰਡ ਦੇ ਲੋਕ ਉਹਨਾਂ ਨੂੰ “ਛੜੇ” ਕਹਿ ਕੇ ਚਿੜਾਉਂਦੇ ਹਨ, ਜਿਸ ਨਾਲ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ।
ਪੱਤਰ ਵਿੱਚ ਨੌਜਵਾਨਾਂ ਨੇ ਲਿਖਿਆ – “ਅਸੀਂ 30 ਸਾਲਾਂ ਦੇ ਨੌਜਵਾਨ ਹੁਣ ਆਪਣੇ ਵਿਆਹ ਕਰਵਾਉਣਾ ਚਾਹੁੰਦੇ ਹਾਂ ਪਰ ਸਾਨੂੰ ਕੋਈ ਵੀ ਰਿਸ਼ਤਾ ਨਹੀਂ ਮਿਲ ਰਿਹਾ। ਇਸ ਕਾਰਨ ਅਸੀਂ ਬਹੁਤ ਦੁਖੀ ਹਾਂ। ਪਿੰਡ ਦੇ ਲੋਕ ਸਾਨੂੰ ਛੜੇ ਕਹਿ ਕੇ ਤੰਗ ਕਰਦੇ ਹਨ। ਇਸ ਲਈ ਅਸੀਂ ਸਰਪੰਚ ਸਾਹਿਬ ਅਤੇ ਸਮੂਹ ਪੰਚਾਇਤ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਲਈ ਜਲਦੀ ਤੋਂ ਜਲਦੀ ਰਿਸ਼ਤੇ ਲੱਭੇ ਜਾਣ ਅਤੇ ਵਿਆਹ ਕਰਵਾਏ ਜਾਣ। ਇਸ ਨਾਲ ਨਾ ਸਿਰਫ ਸਾਡੇ ਦੁੱਖਾਂ ਦਾ ਅੰਤ ਹੋਵੇਗਾ ਸਗੋਂ ਪਿੰਡ ਦੇ ਵੋਟਰਾਂ ਦੀ ਗਿਣਤੀ ਵੀ ਵਧੇਗੀ, ਜਿਸ ਨਾਲ ਪਿੰਡ ਦੇ ਕੰਮਕਾਜ ਵਿੱਚ ਵੀ ਸੁਵਿਧਾ ਰਹੇਗੀ।”
ਇਸ ਤੋਂ ਇਲਾਵਾ ਨੌਜਵਾਨਾਂ ਨੇ ਪੱਤਰ ਵਿੱਚ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਉਹਨਾਂ ਦੀ ਮੰਗ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਉਹਨਾਂ ਨੇ ਇੱਥੋਂ ਤਕ ਕਿਹਾ ਕਿ ਇਹ ਲਹਿਰ ਸਿਰਫ ਹਿੰਮਤਪੁਰਾ ਤੱਕ ਸੀਮਤ ਨਹੀਂ ਰਹੇਗੀ, ਸਗੋਂ ਪੂਰੇ ਪੰਜਾਬ ਵਿੱਚ ਫੈਲ ਸਕਦੀ ਹੈ। ਨੌਜਵਾਨਾਂ ਨੇ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਇਸ ਮਾਮਲੇ ਦਾ ਹੱਲ ਜਲਦੀ ਕੀਤਾ ਜਾਵੇ, ਨਹੀਂ ਤਾਂ ਉਹਨਾਂ ਨੂੰ ਵੀ ਇਸਦੇ ਨਤੀਜੇ ਭੁਗਤਣ ਪੈ ਸਕਦੇ ਹਨ।
ਦਿਲਚਸਪ ਗੱਲ ਇਹ ਹੈ ਕਿ ਪੱਤਰ ਦੇ ਅੰਤ ਵਿੱਚ ਕੁਝ ਨੌਜਵਾਨਾਂ ਨੇ ਆਪਣੇ ਹਸਤਾਖਰ ਵੀ ਕੀਤੇ ਹਨ, ਜਿਸ ਨਾਲ ਇਸਦੀ ਗੰਭੀਰਤਾ ਹੋਰ ਵਧ ਜਾਂਦੀ ਹੈ। ਹਾਲਾਂਕਿ ਜਾਣਕਾਰੀ ਮੁਤਾਬਿਕ ਇਹ ਪੱਤਰ ਹਕੀਕਤ ਦੀ ਬਜਾਏ ਇਕ ਮਜ਼ਾਕੀਆ ਅੰਦਾਜ਼ ਵਿੱਚ ਲਿਖਿਆ ਗਿਆ ਸੀ। ਫਿਰ ਵੀ, ਇਹ ਘਟਨਾ ਪਿੰਡ ਵਿੱਚ ਹਾਸੇ-ਮਜ਼ਾਕ ਅਤੇ ਚਰਚਾਵਾਂ ਦਾ ਕਾਰਨ ਬਣੀ ਹੋਈ ਹੈ।
ਫਿਲਹਾਲ, ਇਸ ਸਬੰਧੀ ਪਿੰਡ ਦੇ ਸਰਪੰਚ ਵੱਲੋਂ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ। ਪਰ ਸੋਸ਼ਲ ਮੀਡੀਆ ‘ਤੇ ਇਹ ਪੱਤਰ ਲੋਕਾਂ ਦੀ ਵੱਡੀ ਦਿਲਚਸਪੀ ਦਾ ਕੇਂਦਰ ਬਣਿਆ ਹੋਇਆ ਹੈ।