ਹਿਮਾਚਲ ‘ਚ ਮਾਨਸੂਨ ਫਿਰ ਸਰਗਰਮ ਹੋ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਚੰਗੀ ਬਾਰਿਸ਼ ਹੋਈ। ਸਭ ਤੋਂ ਵੱਧ 70 ਮਿਲੀਮੀਟਰ ਮੀਂਹ ਨਾਹਨ ਵਿੱਚ ਦਰਜ ਕੀਤਾ ਗਿਆ। ਅਗਲੇ ਪੰਜ ਦਿਨਾਂ ਤੱਕ ਵੀ ਮੀਂਹ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ।
ਮੌਸਮ ਵਿਭਾਗ ਨੇ 9 ਜੁਲਾਈ ਤੱਕ ਭਾਰੀ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਕਈ ਇਲਾਕਿਆਂ ‘ਚ ਬੱਦਲ ਫਟਣ ਵਰਗੀਆਂ ਘਟਨਾਵਾਂ ਵੀ ਵਾਪਰ ਸਕਦੀਆਂ ਹਨ। ਇਸ ਦੇ ਮੱਦੇਨਜ਼ਰ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਜ਼ਮੀਨ ਖਿਸਕਣ ਵਾਲੇ ਖੇਤਰਾਂ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਨਿਰਦੇਸ਼ਕ ਡਾਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਸੜਕਾਂ ਅਤੇ ਰਸਤੇ ਬੰਦ ਹੋ ਸਕਦੇ ਹਨ। ਅਜਿਹੇ ‘ਚ ਮੌਸਮ ਨੂੰ ਧਿਆਨ ‘ਚ ਰੱਖ ਕੇ ਕੋਈ ਵੀ ਪ੍ਰੋਗਰਾਮ ਬਣਾਓ।