ਸੁਲਤਾਨਪੁਰ ਲੋਧੀ: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦਾ ਦੌਰਾ ਕੀਤਾ, ਜਿੱਥੇ ਹਾਲ ਹੀ ਵਿੱਚ ਆਏ ਹੜ੍ਹਾਂ ਨੇ ਬੜੇ ਪੱਧਰ ‘ਤੇ ਤਬਾਹੀ ਮਚਾਈ ਹੈ। ਸਿਸੋਦੀਆ ਨੇ ਪ੍ਰਭਾਵਿਤ ਪਿੰਡਾਂ ਤੱਕ ਕਿਸ਼ਤੀਆਂ ਰਾਹੀਂ ਪਹੁੰਚ ਕਰਕੇ ਲੋਕਾਂ ਦੀਆਂ ਪੀੜਾਵਾਂ ਨੂੰ ਨਜ਼ਦੀਕ ਤੋਂ ਵੇਖਿਆ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਉਹਨਾਂ ਨੇ ਕਿਹਾ ਕਿ ਹੜ੍ਹ ਨਾਲ ਜੁੜੀਆਂ ਮੁਸ਼ਕਲਾਂ ਸਿਰਫ਼ ਤੁਰੰਤ ਮਦਦ ਨਾਲ ਹੀ ਨਹੀਂ ਸਲਝਣਗੀਆਂ, ਸਗੋਂ ਇਸ ਸਮੱਸਿਆ ਦਾ ਪੱਕਾ ਹੱਲ ਲੱਭਣ ਲਈ ਲੰਬੇ ਸਮੇਂ ਦੀ ਯੋਜਨਾ ਤੇ ਕੰਮ ਕਰਨ ਦੀ ਲੋੜ ਹੈ। ਉਨ੍ਹਾਂ ਨੇ ਯਕੀਨ ਦਵਾਇਆ ਕਿ ਆਮ ਆਦਮੀ ਪਾਰਟੀ ਦੀ ਪੂਰੀ ਟੀਮ, ਹਲਕਾ ਇੰਚਾਰਜਾਂ ਅਤੇ ਵਰਕਰਾਂ ਸਮੇਤ, ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਜ਼ਮੀਨ ਤੇ ਮੌਜੂਦ ਹੈ ਅਤੇ ਲੋਕਾਂ ਨੂੰ ਇਕੱਲਾ ਨਹੀਂ ਛੱਡਿਆ ਜਾਵੇਗਾ।
ਸਿਸੋਦੀਆ ਨੇ ਪ੍ਰਭਾਵਿਤ ਲੋਕਾਂ ਨੂੰ ਆਸ਼ਵਾਸਨ ਦਿੰਦੇ ਹੋਏ ਕਿਹਾ ਕਿ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਇਆ ਜਾਵੇਗਾ ਅਤੇ ਹਰ ਸੰਭਵ ਰਾਹਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਨੇ ਖ਼ਾਸ ਤੌਰ ‘ਤੇ ਜ਼ਿਕਰ ਕੀਤਾ ਕਿ ਜਿਹੜੇ ਪਰਿਵਾਰ ਘਰ-ਬਾਰ, ਖੇਤਾਂ ਦੀ ਫ਼ਸਲ ਅਤੇ ਰੋਜ਼ਗਾਰ ਤੋਂ ਵਾਂਜੇ ਹਨ, ਉਨ੍ਹਾਂ ਲਈ ਵਿਸ਼ੇਸ਼ ਮਦਦ ਯੋਜਨਾਵਾਂ ਬਣਾਉਣ ਦੀ ਮੰਗ ਕੀਤੀ ਜਾਵੇਗੀ।
ਇਸ ਮੌਕੇ ਰਾਜਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਵੀ ਸ੍ਰੇਹਨਾ ਕੀਤੀ ਗਈ, ਜੋ ਲਗਾਤਾਰ ਲੋਕਾਂ ਦੇ ਵਿਚਕਾਰ ਰਹਿ ਕੇ ਰੋਜ਼ਾਨਾ ਸਹਾਇਤਾ ਦਾ ਕੰਮ ਕਰ ਰਹੇ ਹਨ। ਸਿਸੋਦੀਆ ਨੇ ਕਿਹਾ ਕਿ ਸੀਚੇਵਾਲ ਦਾ ਸਮਾਜਿਕ ਸੇਵਾ ਪ੍ਰਤੀ ਵੱਡਾ ਯੋਗਦਾਨ ਹੜ੍ਹ ਪੀੜਤਾਂ ਲਈ ਮਜ਼ਬੂਤੀ ਦਾ ਸਰੋਤ ਹੈ।
ਉਨ੍ਹਾਂ ਨੇ ਅੰਤ ਵਿੱਚ ਕਿਹਾ ਕਿ ਵਾਰ-ਵਾਰ ਆਉਂਦੇ ਹੜ੍ਹਾਂ ਕਾਰਨ ਲੋਕਾਂ ਨੂੰ ਦੁੱਖ ਤੇ ਨੁਕਸਾਨ ਝੱਲਣਾ ਪੈਂਦਾ ਹੈ, ਜਿਸ ਤੋਂ ਸਥਾਈ ਛੁਟਕਾਰਾ ਦਿਵਾਉਣ ਲਈ ਢੁਕਵੇਂ ਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾਣੇ ਜ਼ਰੂਰੀ ਹਨ। ਉਹਨਾਂ ਨੇ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਦੀ ਰਹੇਗੀ ਅਤੇ ਸੰਕਟ ਦੀ ਇਸ ਘੜੀ ਵਿੱਚ ਹੜ੍ਹ ਪ੍ਰਭਾਵਿਤ ਹਰ ਘਰ ਦੇ ਨਾਲ ਖੜ੍ਹੀ ਹੈ।