ਤਰਨਤਾਰਨ: ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਜੇਲ੍ਹ ਅੰਦਰ ਚੱਲ ਰਹੀਆਂ ਗੈਰ-ਕਾਨੂੰਨੀ ਗਤਿਵਿਧੀਆਂ ’ਤੇ ਰੋਕ ਲਗਾਉਣ ਲਈ ਇੱਕ ਵੱਡੀ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਜੇਲ੍ਹ ਦੇ ਵੱਖ-ਵੱਖ ਹਿੱਸਿਆਂ ’ਚੋਂ ਭਾਰੀ ਮਾਤਰਾ ਵਿੱਚ ਪਾਬੰਦੀਸ਼ੁਦਾ ਅਤੇ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ, ਜਿਸ ਨੇ ਸੁਰੱਖਿਆ ਪ੍ਰਬੰਧਾਂ ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਤਲਾਸ਼ੀ ਮੁਹਿੰਮ ਦੌਰਾਨ ਕਰੀਬ 35 ਮੋਬਾਈਲ ਫੋਨ, ਕਈ ਸਿੰਮ ਕਾਰਡ, ਮੋਬਾਈਲ ਚਾਰਜ਼ਰ, ਈਅਰਪੋਡ, ਹੀਟਰ ਸਪਰਿੰਗ, ਤੰਬਾਕੂ ਅਤੇ ਸਿਗਰੇਟ ਦੇ ਪੈਕੇਟ ਸਮੇਤ ਕਈ ਹੋਰ ਪਾਬੰਦੀਸ਼ੁਦਾ ਚੀਜ਼ਾਂ ਬਰਾਮਦ ਕੀਤੀਆਂ ਗਈਆਂ। ਇਸ ਸਬੰਧੀ ਗੋਇੰਦਵਾਲ ਸਾਹਿਬ ਥਾਣੇ ਦੀ ਪੁਲਿਸ ਨੇ ਜੇਲ੍ਹ ਅੰਦਰ ਬੰਦ 5 ਹਵਾਲਾਤੀਆਂ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜੇਲ੍ਹ ਦੇ ਸਹਾਇਕ ਸੁਪਰਡੈਂਟ ਹੰਸ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਲਾਸ਼ੀ ਦੌਰਾਨ ਵੱਖ-ਵੱਖ ਬੈਰਕਾਂ ਵਿਚੋਂ 14 ਕੀਪੈਡ ਮੋਬਾਈਲ, 12 ਟਚ ਸਕ੍ਰੀਨ ਮੋਬਾਈਲ, 9 ਸਿੰਮ ਕਾਰਡ, 29 ਪੈਕੇਟ ਤੰਬਾਕੂ, 11 ਪੈਕੇਟ ਸਿਗਰਟ, 16 ਹੀਟਰ ਸਪਰਿੰਗ, 6 ਮੋਬਾਈਲ ਚਾਰਜ਼ਰ, 1 ਅਡਾਪਟਰ ਅਤੇ 1 ਈਅਰਪੋਡ ਲਵਾਰਿਸ ਹਾਲਤ ਵਿੱਚ ਬਰਾਮਦ ਹੋਏ। ਇਹਨਾਂ ਸਾਰੀਆਂ ਚੀਜ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਣਪਛਾਤੇ ਮੁਲਜ਼ਮਾਂ ਦੇ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ।
ਇਸ ਤੋਂ ਇਲਾਵਾ, ਤਲਾਸ਼ੀ ਦੌਰਾਨ ਕੁਝ ਕੈਦੀਆਂ ਕੋਲੋਂ ਵੀ ਪਾਬੰਦੀਸ਼ੁਦਾ ਚੀਜ਼ਾਂ ਮਿਲੀਆਂ ਹਨ। ਪੁਲਿਸ ਮੁਤਾਬਕ, ਜੇਲ੍ਹ ਵਿਚ ਬੰਦ ਮਹਾਂਬੀਰ ਸਿੰਘ ਵਾਸੀ ਦਾਉਨੇ ਖੁਰਦ, ਸੁਖਦੀਪ ਸਿੰਘ ਵਾਸੀ ਚੋਹਲਾ ਸਾਹਿਬ, ਗੁਰਜੰਟ ਸਿੰਘ ਵਾਸੀ ਭੈਣੀ ਮੱਟੂਆਂ ਅਤੇ ਮਹਾਂਬੀਰ ਸਿੰਘ ਵਾਸੀ ਲਖਣਾ ਕੋਲੋਂ 7 ਕੀਪੈਡ ਮੋਬਾਈਲ, 1 ਟਚ ਸਕ੍ਰੀਨ ਮੋਬਾਈਲ, 6 ਸਿੰਮ ਕਾਰਡ, 1 ਈਅਰਪੋਡ ਅਤੇ 1 ਚਾਰਜ਼ਰ ਬਰਾਮਦ ਹੋਏ ਹਨ।
ਇਸੇ ਤਰ੍ਹਾਂ ਹਵਾਲਾਤੀ ਮਲਕੀਤ ਸਿੰਘ ਪੁੱਤਰ ਬਲਦੇਵ ਸਿੰਘ ਦੇ ਕੋਲੋਂ ਇੱਕ ਟਚ ਸਕ੍ਰੀਨ ਮੋਬਾਈਲ ਅਤੇ ਸਿੰਮ ਵੀ ਬਰਾਮਦ ਕੀਤਾ ਗਿਆ ਹੈ। ਇਨ੍ਹਾਂ ਸਾਰਿਆਂ ਦੇ ਖਿਲਾਫ ਵੀ ਗੋਇੰਦਵਾਲ ਸਾਹਿਬ ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰ ਲਏ ਗਏ ਹਨ।
ਪੁਲਿਸ ਦਾ ਕਹਿਣਾ ਹੈ ਕਿ ਜੇਲ੍ਹ ਅੰਦਰ ਮੋਬਾਈਲ ਫੋਨਾਂ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਦੀ ਮੌਜੂਦਗੀ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਨਾਲ ਨਾ ਸਿਰਫ ਜੇਲ੍ਹ ਅੰਦਰ ਕੈਦੀਆਂ ਦੀਆਂ ਗੈਰ-ਕਾਨੂੰਨੀ ਗਤਿਵਿਧੀਆਂ ਵਧਦੀਆਂ ਹਨ, ਸਗੋਂ ਬਾਹਰਲੇ ਸੰਪਰਕਾਂ ਰਾਹੀਂ ਕਈ ਵਾਰ ਅਪਰਾਧਕ ਮਾਮਲਿਆਂ ਨੂੰ ਵੀ ਅੰਜਾਮ ਦਿੱਤਾ ਜਾਂਦਾ ਹੈ।
ਜਾਂਚ ਏਜੰਸੀਆਂ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਇਹ ਸਮੱਗਰੀ ਜੇਲ੍ਹ ਦੇ ਅੰਦਰ ਕਿਵੇਂ ਪਹੁੰਚੀ ਅਤੇ ਇਸ ਵਿੱਚ ਜੇਲ੍ਹ ਸਟਾਫ ਦੀ ਲਾਪਰਵਾਹੀ ਜਾਂ ਸਾਠਗਾਠ ਦੀ ਭੂਮਿਕਾ ਤਾਂ ਨਹੀਂ।