ਫਿਰੋਜ਼ਪੁਰ ਰੇਲਵੇ ਮੰਡਲ ਨੇ ਯਾਤਰੀਆਂ ਨੂੰ ਸਾਫ਼-ਸੁਥਰਾ ਅਤੇ ਸੁਰੱਖਿਅਤ ਭੋਜਨ ਮੁਹੱਈਆ ਕਰਵਾਉਣ ਲਈ ਇੱਕ ਵਿਸ਼ਾਲ ਕਦਮ ਚੁੱਕਿਆ ਹੈ। ‘ਸਵੱਛਤਾ ਹੀ ਸੇਵਾ’ ਮੁਹਿੰਮ ਦੇ ਹਿੱਸੇ ਵਜੋਂ, 17 ਸਤੰਬਰ ਤੋਂ 2 ਅਕਤੂਬਰ 2025 ਤੱਕ ਰੇਲਵੇ ਸਟੇਸ਼ਨਾਂ ਤੇ ਖਾਣ-ਪੀਣ ਦੀਆਂ ਇਕਾਈਆਂ ਦੀ ਸਫਾਈ ਅਤੇ ਭੋਜਨ ਗੁਣਵੱਤਾ ਦੀ ਪੜਤਾਲ ਲਈ ਲਗਾਤਾਰ ਕਾਰਵਾਈ ਜਾਰੀ ਹੈ। ਇਸ ਤਹਿਤ 26 ਸਤੰਬਰ ਨੂੰ ਇੱਕ ਵੱਡੇ ਪੱਧਰ ਦਾ ਨਿਰੀਖਣ ਦਿਵਸ ਮਨਾਇਆ ਗਿਆ, ਜਿਸਨੂੰ ‘ਸਵੱਛ ਆਹਾਰ ਗਲਿਆਰਾ’ ਨਾਮ ਦਿੱਤਾ ਗਿਆ। ਇਸ ਵਿਸ਼ੇਸ਼ ਦਿਨ ਦਾ ਮਕਸਦ ਯਾਤਰੀਆਂ ਨੂੰ ਸੁਰੱਖਿਅਤ, ਸਾਫ਼ ਅਤੇ ਗੁਣਵੱਤਾਪੂਰਨ ਭੋਜਨ ਪ੍ਰਦਾਨ ਕਰਨਾ ਸੀ।
ਮੰਡਲ ਦੇ ਵਪਾਰਕ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਕਈ ਸਟੇਸ਼ਨਾਂ ‘ਤੇ ਖਾਣ-ਪੀਣ ਵਾਲੇ ਸਟਾਲਾਂ, ਕੈਂਟੀਨਾਂ, ਜਲਪਾਨ ਗ੍ਰਹਿ, ਟਰਾਲੀਆਂ ਅਤੇ ਭੋਜਨਾਲਿਆਂ ਦੀ ਵਿਸਤ੍ਰਿਤ ਜਾਂਚ ਕੀਤੀ। ਸਿਰਫ਼ ਬਾਹਰੀ ਸਫਾਈ ਹੀ ਨਹੀਂ, ਭੋਜਨ ਦੇ ਹਰ ਪਹਲੂ ਨੂੰ ਧਿਆਨ ਨਾਲ ਵੇਖਿਆ ਗਿਆ। ਖਾਣੇ ਦੇ ਨਮੂਨੇ ਇਕੱਠੇ ਕਰਕੇ ਉਨ੍ਹਾਂ ਦੀ ਗੁਣਵੱਤਾ ਦੀ ਲੈਬ ਟੈਸਟਿੰਗ ਲਈ ਭੇਜੇ ਗਏ। ਫੂਡ ਸਟਾਲਾਂ ਦੇ ਬਰਤਨਾਂ ਦੀ ਸਫਾਈ, ਵਿਕਰੇਤਾਵਾਂ ਦੇ ਮੈਡੀਕਲ ਸਰਟੀਫਿਕੇਟ ਅਤੇ ਫੂਡ ਲਾਇਸੈਂਸ ਦੀ ਵੀ ਧਿਆਨਪੂਰਵਕ ਜਾਂਚ ਕੀਤੀ ਗਈ।
ਡੱਬਾਬੰਦ ਖਾਣ-ਪੀਣ ਵਾਲੀਆਂ ਚੀਜ਼ਾਂ ਦੀ ਮਿਆਦ ਪੁੱਗਣ ਦੀ ਮਿਤੀ ਦੀ ਵੀ ਖ਼ਾਸ ਤੌਰ ‘ਤੇ ਤਸਦੀਕ ਕੀਤੀ ਗਈ ਤਾਂ ਜੋ ਯਾਤਰੀਆਂ ਨੂੰ ਕੇਵਲ ਤਾਜ਼ਾ ਅਤੇ ਸੁਰੱਖਿਅਤ ਸਮੱਗਰੀ ਹੀ ਉਪਲਬਧ ਕਰਵਾਈ ਜਾ ਸਕੇ। ਇਸ ਦੇ ਨਾਲ ਹੀ, ਰੇਲ ਗੱਡੀਆਂ ਦੀਆਂ ਪੈਂਟਰੀ ਕਾਰਾਂ ਦਾ ਵੀ ਡੂੰਘਾ ਨਿਰੀਖਣ ਕਰਕੇ ਉਨ੍ਹਾਂ ਦੀ ਪੂਰੀ ਤਰ੍ਹਾਂ ਸਫਾਈ ਕਰਵਾਈ ਗਈ।
ਰੇਲਵੇ ਪ੍ਰਬੰਧਨ ਵੱਲੋਂ ਕਿਹਾ ਗਿਆ ਕਿ ਇਹ ਕਦਮ ਯਾਤਰੀਆਂ ਦੇ ਸਫਰ ਨੂੰ ਸਿਰਫ਼ ਆਰਾਮਦਾਇਕ ਨਹੀਂ, ਸੁਰੱਖਿਅਤ ਅਤੇ ਸਿਹਤਮੰਦ ਬਣਾਉਣ ਲਈ ਲਏ ਗਏ ਹਨ। ਮੁਹਿੰਮ ਦੇ ਦੌਰਾਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਗਈ ਹੈ, ਤਾਂ ਜੋ ਹਰ ਸਟੇਸ਼ਨ ਤੇ ਭੋਜਨ ਦੀ ਗੁਣਵੱਤਾ ਮਿਆਰਾਂ ਅਨੁਸਾਰ ਰਹੇ।