Site icon Punjab Mirror

ਵੱਡੀ ਕਾਰਵਾਈ: , ਭਾਰਤ ਵਿੱਚ ਪਾਕਿਸਤਾਨ ਸਰਕਾਰ ਦੇ ਟਵਿੱਟਰ ਅਕਾਊਂਟ ਨੂੰ ਇੱਕ ਵਾਰ ਫਿਰ ਬੰਦ ਕਰ ਦਿੱਤਾ ਗਿਆ ਹੈ।ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਫ਼ੈਸਲਾ

ਭਾਰਤ ਵਿੱਚ ਪਾਕਿਸਤਾਨ ਸਰਕਾਰ ਦੇ ਟਵਿੱਟਰ ਅਕਾਊਂਟ ਨੂੰ ਇੱਕ ਵਾਰ ਫਿਰ ਬੰਦ ਕਰ ਦਿੱਤਾ ਗਿਆ ਹੈ। ਟਵਿੱਟਰ ਅਨੁਸਾਰ ਅਜਿਹਾ ਭਾਰਤ ਸਰਕਾਰ ਦੀ ਕਾਨੂੰਨੀ ਮੰਗ ‘ਤੇ ਕੀਤਾ ਗਿਆ ਹੈ। ਟਵਿੱਟਰ ਦੇ ਇਸ ਕਦਮ ਨਾਲ ਹੀ ਹੁਣ ਭਾਰਤ ਵਿੱਚ ਪਾਕਿ ਸਰਕਾਰ ਦੇ ਇਸ ਅਕਾਊਂਟ @GovtofPakistan ਦਾ ਕੋਈ ਵੀ ਟਵੀਟ ਨਹੀਂ ਦਿਖਾਈ ਦੇਵੇਗਾ। ਮਿਲੀ ਜਾਣਕਾਰੀ ਅਨੁਸਾਰ ਇਹ ਕਾਰਵਾਈ ਸੁਰੱਖਿਆ ਕਾਰਨਾਂ ਕਰਕੇ ਕੀਤੀ ਗਈ ਹੈ। ਇਹ ਕਦਮ ਤਿੰਨ ਹਫ਼ਤੇ ਪਹਿਲਾਂ ਵੀ ਚੁੱਕਿਆ ਗਿਆ ਸੀ।

ਟਵਿੱਟਰ ਦੀ ਪਾਲਿਸੀ ਅਨੁਸਾਰ ਇਹ ਕਦਮ ਸਥਾਨਕ ਨਿਯਮ ਅਨੁਸਾਰ ਚੁੱਕਿਆ ਜਾਂਦਾ ਹੈ। ਇਸ ਦੇ ਰਾਹੀਂ ਸੁਰੱਖਿਆ ਤੇ ਸਥਾਨਕ ਕਾਨੂੰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਰਤੋਂਕਾਰ ਦੀ ਬੋਲਣ ਦੀ ਆਜ਼ਾਦੀ ਦਾ ਸਨਮਾਨ ਵੀ ਕੀਤਾ ਜਾਂਦਾ ਹੈ । ਦੱਸ ਦੇਈਏ ਕਿ ਤਿੰਨ ਹਫ਼ਤੇ ਪਹਿਲਾਂ ਵੀ ਇਹ ਰੋਕ ਲਗਾਈ ਗਈ ਸੀ।

ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ PFI ‘ਤੇ 5 ਸਾਲ ਦਾ ਬੈਨ ਲਗਾਉਣ ਤੋਂ ਬਾਅਦ ਉਨ੍ਹਾਂ ਦੇ ਟਵਿੱਟਰ ਅਕਾਊਂਟ ‘ਤੇ ਵੀ ਰੋਕ ਲਗਾ ਦਿੱਤੀ ਗਈ ਸੀ । ਦੱਸ ਦੇਈਏ ਕਿ ਕੇਂਦਰ ਸਰਕਾਰ ਦੀ ਸ਼ਿਕਾਇਤ ਤੋਂ ਬਾਅਦ ਟਵਿੱਟਰ ਨੇ ਇਹ ਕਦਮ ਚੁੱਕਿਆ ਸੀ। ਗੌਰਤਲਬ ਹੈ ਕਿ ED ਤੇ NIA ਵੱਲੋਂ ਪਿਛਲੇ ਹਫ਼ਤੇ ਹੀ ਪੀਐੱਫਆਈ ਦੇ ਕਈ ਟਿਕਾਣਿਆਂ ‘ਤੇ ਛਾਪੇਮਾਰੀ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਸੀ। ਏਜੰਸੀ ਨੂੰ ਇਨ੍ਹਾਂ ਟਿਕਾਣਿਆਂ ਤੋਂ ਪੀਐੱਫਆਈ ਦੇ ਅੱਤਵਾਦੀ ਸੰਗਠਨ ਅਲਕਾਇਦਾ ਤੇ ਹੋਰ ਸੰਗਠਨਾਂ ਨਾਲ ਜੁੜੇ ਹੋਣ ਦੇ ਸਬੂਤ ਮਿਲੇ ਸਨ।

ਦੱਸ ਦੇਈਏ ਕਿ ਟਵਿੱਟਰ ਨੇ ਜੁਲਾਈ ਵਿੱਚ ਗਾਇਡਲਾਈਨਾਂ ਦੀ ਉਲੰਘਣਾ ‘ਤੇ ਭਾਰਤੀ ਉਪਭੋਗਤਾਵਾਂ ਦੇ 45,191 ਅਕਾਊਂਟ ‘ਤੇ ਰੋਕ ਲਗਾ ਦਿੱਤੀ ਸੀ। ਟਵਿੱਟਰ ਨੇ ਇਹ ਐਕਸ਼ਨ ਆਪਣੀ ਮਹੀਨੇ ਦੀ ਰਿਪੋਰਟ ਦੇ ਬਾਅਦ ਲਿਆ ਸੀ। ਟਵਿੱਟਰ ਕੰਟੈਂਟ ਬਲਾਕਿੰਗ ਨੂੰ ਲੈ ਕੇ ਕੇਂਦਰ ਸਰਕਾਰ ਦੇ ਨਵੇਂ ਨਿਯਮਾਂ ਦਾ ਸਖਤੀ ਨਾਲ ਪਾਲਣ ਕਰ ਰਿਹਾ ਹੈ।

Exit mobile version