ਐਤਵਾਰ ਰਾਤ ਖੰਨਾ ਨੇੜੇ ਦੋਰਾਹਾ ਇਲਾਕੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਮਲੌਦ ਦੇ ਜਗੇੜਾ ਪੁਲ ਨੇੜੇ ਇੱਕ ਪਿਕਅੱਪ ਜੀਪ, ਜਿਸ ਵਿੱਚ ਸ਼੍ਰੀ ਨੈਣਾ ਦੇਵੀ ਤੋਂ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂ ਸਵਾਰ ਸਨ, ਅਚਾਨਕ ਹੀ ਜੀਪ ਕੰਟਰੋਲ ਤੋਂ ਬਾਹਰ ਹੋ ਕੇ ਨਹਿਰ ’ਚ ਡਿੱਗ ਗਈ।
5 ਸ਼ਰਧਾਲੂਆਂ ਦੀ ਮੌਤ, ਕਈ ਲਾਪਤਾ
ਇਸ ਹਾਦਸੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਇੱਕ ਔਰਤ ਅਤੇ ਦੋ ਬੱਚੇ ਵੀ ਸ਼ਾਮਲ ਹਨ। ਕੁਝ ਲੋਕਾਂ ਦੇ ਲਾਪਤਾ ਹੋਣ ਦੀ ਵੀ ਖ਼ਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਜੀਪ ’ਚ ਕਰੀਬ 20 ਲੋਕ ਸਵਾਰ ਸਨ। ਬਹੁਤ ਸਾਰਿਆਂ ਨੂੰ ਬਚਾ ਲਿਆ ਗਿਆ ਹੈ।
ਪੁਲਿਸ ਵਲੋਂ ਬਚਾਅ ਕਾਰਜ ਜਾਰੀ
ਜਿਵੇਂ ਹੀ ਹਾਦਸੇ ਦੀ ਸੂਚਨਾ ਮਿਲੀ, ਪੁਲਿਸ ਅਤੇ ਨੇੜਲੇ ਪਿੰਡਾਂ ਦੇ ਲੋਕ ਮੌਕੇ ‘ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਹੁਣ ਤੱਕ ਤਿੰਨ ਲਾਸ਼ਾਂ ਬਾਹਰ ਕੱਢੀਆਂ ਜਾ ਚੁੱਕੀਆਂ ਹਨ, ਜਦਕਿ ਕੁਝ ਲੋਕ ਪਾਣੀ ’ਚ ਵਹਿ ਗਏ ਹਨ। ਰਾਤ ਨੂੰ ਵੀ ਬਚਾਅ ਕਾਰਜ ਜਾਰੀ ਰਿਹਾ।