ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਸੂਬੇ ਭਰ ਵਿੱਚ ਕਿਸਾਨਾਂ ਅਤੇ ਵਿਰੋਧੀ ਧਿਰਾਂ ਵੱਲੋਂ ਭਾਰੀ ਵਿਰੋਧ ਦਰਜ ਕਰਵਾਇਆ ਜਾ ਰਿਹਾ ਹੈ। ਲੋਕਾਂ ਦੀ ਨਾਰਾਜ਼ਗੀ ਇਨੀ ਵਧ ਗਈ ਹੈ ਕਿ ਜਗਰਾਓ ਇਲਾਕੇ ਦੇ ਚਾਰ ਪਿੰਡਾਂ — ਅਲੀਗੜ, ਮਾਲਕੀ, ਪੋਨਾ ਅਤੇ ਅਗਵਾੜ ਗੁੱਜਰਾਂ — ਨੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਪਿੰਡ ਵਿੱਚ ਦਾਖਲ ਹੋਣ ‘ਤੇ ਪਾਬੰਦੀ ਲਾ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ, ਇਨ੍ਹਾਂ ਪਿੰਡਾਂ ਦੀਆਂ ਹੱਦਾਂ ‘ਤੇ ਲੋਕਾਂ ਨੇ ਹੋਰ ਕਿਸੇ ਵੀ AAP ਆਗੂ ਨੂੰ ਪਿੰਡ ‘ਚ ਨਾ ਆਉਣ ਦੇ ਸੁਚਨਾ-ਬੋਰਡ ਲਗਾ ਦਿੱਤੇ। ਹਾਲਾਂਕਿ, ਬੀਤੀ ਰਾਤ ਅਣਪਛਾਤੇ ਲੋਕਾਂ ਨੇ ਇਹ ਬੋਰਡ ਪਾੜ ਦਿੱਤੇ, ਪਰ ਪਿੰਡ ਵਾਸੀਆਂ ਨੇ ਐਲਾਨ ਕੀਤਾ ਹੈ ਕਿ ਉਹ ਹੋਰ ਵੱਡੇ ਤੇ ਵਧੇਰੇ ਬੋਰਡ ਲਗਾ ਕੇ ਆਪਣਾ ਵਿਰੋਧ ਜਾਰੀ ਰੱਖਣਗੇ।ਪਿੰਡ ਵਾਸੀਆਂ ਨੇ ਇਨ੍ਹਾਂ ਕਾਰਵਾਈਆਂ ਰਾਹੀਂ ਸੂਬਾ ਸਰਕਾਰ ਨੂੰ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਆਪਣੀ ਜ਼ਮੀਨ ਕਿਸੇ ਵੀ ਹਾਲਤ ਵਿੱਚ ਨਹੀਂ ਦੇਣਗੇ। ਉਨ੍ਹਾਂ ਦਾ ਕਹਿਣਾ ਹੈ ਕਿ “ਅਸੀਂ ਖ਼ੂਨ ਦਾ ਇਕ-ਇਕ ਕਤਰਾ ਵਗਾ ਦੇਵਾਂਗੇ, ਪਰ ਜ਼ਮੀਨ ਦਾ ਇਕ ਮਰਲਾ ਵੀ ਨਹੀਂ ਜਾਣ ਦਿਆਂਗੇ।”