ਅਬੋਹਰ ਤੋਂ ਇੱਕ ਹੈਰਾਨ ਕਰਨ ਵਾਲਾ ਅਤੇ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਡਾਕਟਰ ਨੂੰਹ ਨੇ ਆਪਣੇ ਸੱਸ ਸਹੁਰਿਆਂ ਤੇ ਪਤੀ ਉੱਤੇ ਦਹੇਜ ਲਈ ਤੰਗ ਪਰੇਸ਼ਾਨ ਕਰਨ ਅਤੇ ਸਵਾ ਸਾਲ ਦੀ ਬੱਚੀ ਸਮੇਤ ਰਾਤ ਦੇ ਸਮੇਂ ਘਰੋਂ ਕੱਢਣ ਦੇ ਗੰਭੀਰ ਇਲਜ਼ਾਮ ਲਗਾਏ ਹਨ। ਇਹ ਮਾਮਲਾ ਅਬੋਹਰ ਦੇ ਪ੍ਰਸਿੱਧ ਉਦਯੋਗਪਤੀ ਪਰਿਵਾਰ ਨਾਲ ਜੁੜਿਆ ਹੋਇਆ ਹੈ, ਜਿਸ ਕਾਰਨ ਸ਼ਹਿਰ ਭਰ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਦੋ ਸਾਲ ਪਹਿਲਾਂ ਸ਼ਾਨਦਾਰ ਵਿਆਹ, ਪਰ ਸ਼ੁਰੂ ਹੋਇਆ ਤਣਾਅ ਦਾ ਸਿਲਸਿਲਾ
ਮਲੋਟ ਨਿਵਾਸੀ ਭੂਸ਼ਣ ਗੁਪਤਾ ਨੇ ਦੱਸਿਆ ਕਿ ਉਸਨੇ ਆਪਣੀ ਬੇਟੀ ਡਾ. ਰੀਆ ਦਾ ਵਿਆਹ ਲਗਭਗ ਦੋ ਸਾਲ ਪਹਿਲਾਂ ਅਬੋਹਰ ਦੇ ਉਦਯੋਗਪਤੀ ਆਰ.ਡੀ. ਗਰਗ ਦੇ ਬੇਟੇ ਉਮੇਸ਼ ਗਰਗ ਨਾਲ ਕੀਤਾ ਸੀ। ਉਸਨੇ ਕਿਹਾ ਕਿ ਵਿਆਹ ਸ਼ਾਨ-ਸ਼ੌਕਤ ਨਾਲ ਰੀਤੀ-ਰਿਵਾਜਾਂ ਅਨੁਸਾਰ ਕੀਤਾ ਗਿਆ ਸੀ ਅਤੇ ਆਪਣੀ ਸਮਰੱਥਾ ਤੋਂ ਵੱਧ ਖਰਚਾ ਵੀ ਕੀਤਾ ਗਿਆ ਸੀ।
ਪਰ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਪਰਿਵਾਰਕ ਰਿਸ਼ਤਿਆਂ ਵਿੱਚ ਦਰਾਰ ਆਉਣੀ ਸ਼ੁਰੂ ਹੋ ਗਈ। ਰੀਆ ਦੇ ਪਿਤਾ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਜਦੋਂ ਉਸਦੀ ਬੇਟੀ ਨੇ ਇੱਕ ਧੀ ਨੂੰ ਜਨਮ ਦਿੱਤਾ, ਤਾਂ ਸਹੁਰੇ ਘਰ ਵੱਲੋਂ ਉਸਨੂੰ ਲਗਾਤਾਰ ਦਬਾਅ ਤੇ ਤੰਗ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਪਹਿਲਾਂ ਇੱਕ ਪੰਚਾਇਤ ਰਾਹੀਂ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਕੋਈ ਨਤੀਜਾ ਨਹੀਂ ਨਿਕਲਿਆ।
ਅੱਧੀ ਰਾਤ ਨੂੰ ਫੋਨ ਆਇਆ ਤੇ ਪਹੁੰਚੀ ਪੁਲਿਸ
ਭੂਸ਼ਣ ਗੁਪਤਾ ਨੇ ਕਿਹਾ ਕਿ ਬੀਤੀ ਰਾਤ ਉਸਦੀ ਬੇਟੀ ਦਾ ਅਚਾਨਕ ਫੋਨ ਆਇਆ ਜਿਸ ਵਿੱਚ ਉਸਨੇ ਰੋਂਦੇ ਹੋਏ ਦੱਸਿਆ ਕਿ ਉਸਨੂੰ ਅਤੇ ਉਸਦੀ ਸਵਾ ਸਾਲ ਦੀ ਬੇਟੀ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਹੈ।
ਉਨ੍ਹਾਂ ਨੇ ਤੁਰੰਤ 112 ਨੰਬਰ ‘ਤੇ ਫੋਨ ਕਰਕੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਟੀਮ ਜਦ ਮੌਕੇ ’ਤੇ ਪਹੁੰਚੀ, ਤਾਂ ਡਾ. ਰੀਆ ਆਪਣੀ ਛੋਟੀ ਬੱਚੀ ਨਾਲ ਘਰ ਦੇ ਬਾਹਰ ਖੜੀ ਸੀ ਅਤੇ ਦਰਵਾਜ਼ਾ ਅੰਦਰੋਂ ਬੰਦ ਸੀ। ਪੁਲਿਸ ਵੱਲੋਂ ਕਾਫ਼ੀ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਸੱਸ ਸਹੁਰਿਆਂ ਨੇ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ।
ਡਾ. ਰੀਆ ਦੇ ਦਹੇਜ ਅਤੇ ਤਸ਼ੱਦਦ ਦੇ ਇਲਜ਼ਾਮ
ਡਾ. ਰੀਆ ਨੇ ਮੀਡੀਆ ਅੱਗੇ ਦੱਸਿਆ ਕਿ ਵਿਆਹ ਤੋਂ ਬਾਅਦ ਤੋਂ ਹੀ ਉਸਦਾ ਪਤੀ, ਸੱਸ ਅਤੇ ਸਹੁਰਾ ਉਸਨੂੰ ਦਾਜ਼ ਲਈ ਤੰਗ ਕਰਦੇ ਆ ਰਹੇ ਹਨ। ਉਹਨਾਂ ਵੱਲੋਂ ਕਈ ਵਾਰ ਉਸਦੀ ਬੇਇਜ਼ਤੀ ਕੀਤੀ ਗਈ ਅਤੇ ਘਰੇਲੂ ਹਿੰਸਾ ਵੀ ਕੀਤੀ ਗਈ।
ਉਸਨੇ ਕਿਹਾ ਕਿ,
“ਮੈਂ ਹਮੇਸ਼ਾ ਘਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਹੱਦ ਤੋਂ ਵੱਧ ਤੰਗ ਕੀਤਾ ਗਿਆ ਅਤੇ ਮੇਰੀ ਛੋਟੀ ਬੇਟੀ ਦੇ ਸਾਹਮਣੇ ਮੈਨੂੰ ਘਰੋਂ ਕੱਢ ਦਿੱਤਾ ਗਿਆ, ਤਾਂ ਮੈਨੂੰ ਆਪਣੇ ਮਾਪਿਆਂ ਨੂੰ ਸੱਦਣਾ ਪਿਆ। ਹੁਣ ਮੈਂ ਇਨਸਾਫ ਦੀ ਮੰਗ ਕਰਦੀ ਹਾਂ।”
ਡਾ. ਰੀਆ ਨੇ ਇਹ ਵੀ ਦੱਸਿਆ ਕਿ ਦਰਵਾਜ਼ਾ ਖੋਲ੍ਹਣ ਲਈ ਉਸਨੇ ਕਈ ਵਾਰ ਬੇਨਤੀ ਕੀਤੀ ਪਰ ਕਿਸੇ ਨੇ ਗੱਲ ਨਹੀਂ ਸੁਣੀ।
ਪੁਲਿਸ ਨੇ ਦਿੱਤੀ ਕਾਰਵਾਈ ਦੀ ਭਰੋਸਾ ਦਿਹਾਨੀ
ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਮਹਿਲਾ ਆਪਣੇ ਬੱਚੇ ਸਮੇਤ ਘਰ ਦੇ ਬਾਹਰ ਸੀ। ਪੁਲਿਸ ਵੱਲੋਂ ਦਰਵਾਜ਼ਾ ਖੁਲਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਘਰ ਦੇ ਅੰਦਰੋਂ ਕਿਸੇ ਨੇ ਸਹਿਯੋਗ ਨਹੀਂ ਕੀਤਾ।
ਇੰਚਾਰਜ ਅਧਿਕਾਰੀ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਹੋਵੇਗੀ।
ਸਮਾਜਿਕ ਵਿਰੋਧ ਤੇ ਚਰਚਾ
ਇਸ ਮਾਮਲੇ ਨੇ ਅਬੋਹਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦਹੇਜ ਪ੍ਰਥਾ ਦੇ ਵਿਰੁੱਧ ਚਰਚਾ ਨੂੰ ਜਨਮ ਦਿੱਤਾ ਹੈ। ਸਥਾਨਕ ਮਹਿਲਾ ਸੰਸਥਾਵਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਮਾਮਲੇ ਦੀ ਪੂਰੀ ਜਾਂਚ ਕਰੇ ਅਤੇ ਜੇ ਦਹੇਜ ਦੀ ਮੰਗ ਜਾਂ ਮਹਿਲਾ ਉੱਤੇ ਤਸ਼ੱਦਦ ਦੇ ਸਬੂਤ ਮਿਲਦੇ ਹਨ, ਤਾਂ ਸਖ਼ਤ ਕਾਰਵਾਈ ਕੀਤੀ ਜਾਵੇ।