ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਕਰਨ ਔਜਲਾ ਨੇ ਖੁਲਾਸਾ ਕੀਤਾ ਹੈ ਕਿ ਉਸਦਾ ਪਰਿਵਾਰ ਕੈਨੇਡਾ ਵਿੱਚ ਸੁਰੱਖਿਅਤ ਨਹੀਂ ਸੀ, ਜਿਸ ਕਰਕੇ ਉਹਨਾਂ ਨੂੰ ਕੈਨੇਡਾ ਛੱਡਣਾ ਪਿਆ ਅਤੇ ਹੁਣ ਉਹ ਆਪਣੇ ਪਰਿਵਾਰ ਸਮੇਤ ਦੁਬਈ ਸਿਫਟ ਹੋ ਗਏ ਹਨ।
ਕਰਨ ਔਜਲਾ ਨੇ ਇੱਕ ਯੂਟਿਊਬ ਇੰਟਰਵਿਊ ਦੌਰਾਨ ਦੱਸਿਆ ਕਿ ਕੈਨੇਡਾ ਵਿੱਚ ਉਸਦੇ ਘਰ ‘ਤੇ ਕਈ ਵਾਰ ਹਮਲੇ ਹੋਏ। ਗਾਇਕ ਨੇ ਦੱਸਿਆ ਕਿ 2019 ਵਿੱਚ ਸਭ ਤੋਂ ਪਹਿਲਾਂ ਉਸਦੇ ਘਰ ‘ਤੇ ਗੋਲੀਬਾਰੀ ਹੋਈ ਸੀ। ਉਸਨੇ ਕਿਹਾ ਕਿ ਲਗਾਤਾਰ ਦੋ ਵਾਰ ਜ਼ਬਰਦਸਤੀ ਪੈਸੇ ਵੱਸੂਲਣ ਲਈ ਗੋਲੀਆਂ ਚਲਾਈਆਂ ਗਈਆਂ ਅਤੇ ਧਮਕੀ ਦਿੱਤੀ ਗਈ ਕਿ ਜੇਕਰ ਪੈਸੇ ਨਹੀਂ ਦਿੱਤੇ ਤਾਂ ਉਹਨਾਂ ਨੂੰ ਪੰਜਾਬ ਜਾਂ ਭਾਰਤ ਆਉਣ ਨਹੀਂ ਦਿੱਤਾ ਜਾਵੇਗਾ।
ਉਸਨੇ ਦੱਸਿਆ ਕਿ ਉਹਨਾਂ ਧਮਕੀਆਂ ਦੇ ਬਾਵਜੂਦ ਉਸਨੇ ਕਦੇ ਪੈਸੇ ਨਹੀਂ ਦਿੱਤੇ। ਪਰ ਨਤੀਜੇ ਵਜੋਂ ਗੋਲੀਬਾਰੀ ਦੇ ਮਾਮਲੇ ਵਧਦੇ ਗਏ। ਕਰਨ ਔਜਲਾ ਦੇ ਬਿਆਨ ਮੁਤਾਬਕ, ਹੁਣ ਤੱਕ ਉਸਦੇ ਘਰ ‘ਤੇ ਕੁੱਲ 6 ਵਾਰ ਗੋਲੀਬਾਰੀ ਹੋ ਚੁੱਕੀ ਹੈ।
ਕੈਨੇਡਾ ਦੇ ਘਰਾਂ ਦੀ ਬਣਤਰ ਨੇ ਵਧਾਈ ਮੁਸੀਬਤ
ਗਾਇਕ ਨੇ ਕਿਹਾ ਕਿ ਕੈਨੇਡਾ ਵਿੱਚ ਘਰ ਅਕਸਰ ਲੱਕੜ ਦੇ ਬਣੇ ਹੁੰਦੇ ਹਨ, ਜਿਸ ਕਰਕੇ ਗੋਲੀਆਂ ਆਸਾਨੀ ਨਾਲ ਅੰਦਰ ਆ ਸਕਦੀਆਂ ਹਨ। ਇਸ ਸਥਿਤੀ ਨੇ ਉਸਦੇ ਪਰਿਵਾਰ ਲਈ ਹੋਰ ਖਤਰਾ ਪੈਦਾ ਕਰ ਦਿੱਤਾ। ਭਾਵੇਂ ਪੁਲਿਸ ਨੇ ਹਮੇਸ਼ਾਂ ਆਪਣੀ ਡਿਊਟੀ ਨਿਭਾਈ, ਪਰ ਕਰਨ ਦੇ ਅਨੁਸਾਰ, ਜੇਕਰ ਕੋਈ ਰਾਤ ਦੇ ਸਮੇਂ 30 ਰਾਊਂਡ ਗੋਲੀਆਂ ਚਲਾ ਕੇ ਚਲਾ ਜਾਵੇ ਅਤੇ ਕਾਰ ਵੀ ਚੋਰੀ ਕਰ ਲਏ, ਤਾਂ ਪੁਲਿਸ ਵੀ ਬਹੁਤ ਕੁਝ ਨਹੀਂ ਕਰ ਸਕਦੀ।
ਪਰਿਵਾਰ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ
ਕਰਨ ਔਜਲਾ ਨੇ ਕਿਹਾ ਕਿ ਜਦੋਂ ਉਹ ਸੌਂ ਰਿਹਾ ਸੀ, ਤਦੋਂ ਗੋਲੀ ਉਸਦੀ ਖਿੜਕੀ ਵਿੱਚੋਂ ਅੰਦਰ ਆ ਗਈ। ਉਸਨੇ ਕਿਹਾ – “ਜਦੋਂ ਗੋਲੀਆਂ ਚਲਦੀਆਂ ਹਨ ਤਾਂ ਕੋਈ ਇਹ ਨਹੀਂ ਪੁੱਛਦਾ ਕਿ ਮੇਰੀ ਪਤਨੀ ਅਤੇ ਭੈਣਾਂ ਕਿਵੇਂ ਹਨ? ਇਹ ਸਿਰਫ ਹਿੰਮਤ ਨਾਲ ਨਹੀਂ, ਸਹੀ ਫੈਸਲੇ ਅਤੇ ਦਿਮਾਗ ਨਾਲ ਵੀ ਸੰਭਾਲਣਾ ਪੈਂਦਾ ਹੈ। ਮੇਰੇ ਪਰਿਵਾਰ ਦੀ ਜ਼ਿੰਮੇਵਾਰੀ ਮੇਰੇ ਮੱਥੇ ਹੈ।”
ਲੋਕਾਂ ਦੀ ਟਿੱਪਣੀ ਅਤੇ ਗਾਇਕ ਦਾ ਜਵਾਬ
ਇੰਟਰਵਿਊ ਵਿੱਚ ਕਰਨ ਔਜਲਾ ਨੇ ਇਹ ਵੀ ਦੱਸਿਆ ਕਿ ਜਦੋਂ ਉਹ ਦੁਬਈ ਸਿਫਟ ਹੋਇਆ ਤਾਂ ਕੁਝ ਲੋਕਾਂ ਨੇ ਟਿੱਪਣੀ ਕੀਤੀ ਕਿ “ਅਸਲੀ ਜੱਟ ਭੱਜਦੇ ਨਹੀਂ ਹਨ।” ਇਸਦਾ ਜਵਾਬ ਦਿੰਦੇ ਹੋਏ ਔਜਲਾ ਨੇ ਕਿਹਾ – “ਜੱਟ ਅਸਲੀ ਹਾਂ, ਮੈਂ ਕਿਹੜਾ ਨਕਲੀ ਹਾਂ? ਪਰ ਹਰ ਕਿਸੇ ਦੀਆਂ ਆਪਣੀਆਂ ਤਰਜੀਹਾਂ ਹੁੰਦੀਆਂ ਹਨ। ਮੇਰੀ ਤਰਜੀਹ ਮੇਰਾ ਪਰਿਵਾਰ ਹੈ।”
ਹਾਲੀਆ ਵਿਵਾਦ
ਗਾਇਕ ਹਾਲ ਹੀ ਵਿੱਚ ਆਪਣੇ ਗੀਤ ਐਮਐਫ ਗਬਰੂ ਕਾਰਨ ਵੀ ਚਰਚਾ ਵਿੱਚ ਆਇਆ ਸੀ। ਇਸ ਗੀਤ ਨੂੰ ਲੈ ਕੇ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਉਸਨੂੰ ਤਲਬ ਕੀਤਾ ਗਿਆ ਸੀ। ਬਾਅਦ ਵਿੱਚ ਕਰਨ ਔਜਲਾ ਨੇ ਮੁਆਫੀ ਵੀ ਮੰਗੀ ਸੀ।