ਮਾਨਸਾ: ਹੁਸ਼ਿਆਰਪੁਰ ਵਿੱਚ ਇਕ ਪ੍ਰਵਾਸੀ ਵੱਲੋਂ ਬੱਚੇ ਨਾਲ ਕੀਤੇ ਗਏ ਜ਼ੁਲਮ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਵਿਚ ਰੋਸ ਵਧ ਰਿਹਾ ਹੈ। ਇਸ ਲੜੀ ਵਿੱਚ ਹੁਣ ਜ਼ਿਲ੍ਹਾ ਮਾਨਸਾ ਦੇ ਪਿੰਡ ਝੁਨੀਰ ਦੀ ਪੰਚਾਇਤ ਨੇ ਪ੍ਰਵਾਸੀਆਂ ਸੰਬੰਧੀ ਇਕ ਮਹੱਤਵਪੂਰਨ ਐਲਾਨ ਕਰਦਿਆਂ ਕਈ ਸਖ਼ਤ ਫੈਸਲੇ ਲਏ ਹਨ।
ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਬੁਲਾਈ ਗਈ ਖ਼ਾਸ ਮੀਟਿੰਗ ਦੌਰਾਨ ਪੰਚਾਇਤ ਮੈਂਬਰਾਂ ਤੋਂ ਇਲਾਵਾ ਕਈ ਕਲੱਬਾਂ ਤੇ ਸਮਾਜਿਕ ਕਮੇਟੀਆਂ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ। ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਨਿਰਣਾ ਲਿਆ ਗਿਆ ਕਿ ਹੁਣ ਤੋਂ ਕੋਈ ਵੀ ਘਰ ਮਾਲਕ ਆਪਣੇ ਘਰ ਪ੍ਰਵਾਸੀਆਂ ਨੂੰ ਕਿਰਾਏ ’ਤੇ ਨਹੀਂ ਦੇਵੇਗਾ। ਜੇਕਰ ਕੋਈ ਪਿੰਡ ਵਾਸੀ ਇਸ ਫੈਸਲੇ ਦੀ ਉਲੰਘਣਾ ਕਰੇਗਾ ਤਾਂ ਪਿੰਡ ਵੱਲੋਂ ਉਸਦਾ ਬਾਈਕਾਟ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਪਿੰਡ ਵਾਸੀਆਂ ਨੇ ਬਾਜ਼ਾਰਾਂ ਵਿੱਚ ਪ੍ਰਵਾਸੀਆਂ ਵੱਲੋਂ ਲਗਾਈਆਂ ਜਾਣ ਵਾਲੀਆਂ ਰੇਹੜੀਆਂ ’ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਜੇਕਰ ਕੋਈ ਦੁਕਾਨਦਾਰ ਪੈਸੇ ਲੈ ਕੇ ਆਪਣੀ ਦੁਕਾਨ ਦੇ ਸਾਹਮਣੇ ਪ੍ਰਵਾਸੀਆਂ ਨੂੰ ਰੇਹੜੀ ਲਗਾਉਣ ਦੀ ਇਜਾਜ਼ਤ ਦੇਵੇਗਾ ਤਾਂ ਉਸ ਦੁਕਾਨ ਦਾ ਵੀ ਸਮਾਜਕ ਤੌਰ ’ਤੇ ਬਾਈਕਾਟ ਕੀਤਾ ਜਾਵੇਗਾ।
ਪੰਚਾਇਤ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਜੇ ਪਿੰਡ ਵਿੱਚ ਰਹਿੰਦਾ ਕੋਈ ਪ੍ਰਵਾਸੀ ਕਿਸੇ ਤਰ੍ਹਾਂ ਦੀ ਗੈਰਕਾਨੂੰਨੀ ਗਤੀਵਿਧੀ ਜਾਂ ਅਪਰਾਧ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸਨੂੰ ਪਨਾਹ ਦੇਣ ਵਾਲਾ ਘਰ ਮਾਲਕ ਜਾਂ ਵਿਅਕਤੀ ਵੀ ਇਸ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਮੰਨਿਆ ਜਾਵੇਗਾ।
ਪਿੰਡ ਦੇ ਸਰਪੰਚ ਜਗਪਾਲ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਇਸ ਸਮੇਂ ਕਈ ਪ੍ਰਵਾਸੀ ਰਹਿ ਰਹੇ ਹਨ, ਜਿਨ੍ਹਾਂ ਦੀ ਪਛਾਣ ਕਰਵਾਈ ਜਾ ਰਹੀ ਹੈ। ਜੋ ਪ੍ਰਵਾਸੀ ਬਿਨਾਂ ਕਿਸੇ ਪਛਾਣ ਦੇ ਰਹਿ ਰਹੇ ਹਨ, ਉਨ੍ਹਾਂ ਦੀ ਕੌਂਸਲਿੰਗ ਕੀਤੀ ਜਾਵੇਗੀ ਤਾਂ ਜੋ ਪਿੰਡ ਦੇ ਮਾਹੌਲ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡ ਦੀ ਅਮਨ-ਸ਼ਾਂਤੀ ਬਣਾਈ ਰੱਖਣ ਲਈ ਜਲਦ ਹੀ ਸ਼ਹਿਰ ਦੇ ਲੋਕਾਂ ਨਾਲ ਵੀ ਵਿਆਪਕ ਵਿਚਾਰ-ਵਟਾਂਦਰਾ ਕਰਕੇ ਅਗਲਾ ਫੈਸਲਾ ਲਿਆ ਜਾਵੇਗਾ।
ਇਸ ਫੈਸਲੇ ਤੋਂ ਬਾਅਦ ਪਿੰਡ ਦੇ ਵੱਡੇ ਹਿੱਸੇ ਨੇ ਪੰਚਾਇਤ ਦੇ ਐਲਾਨ ਦਾ ਸਮਰਥਨ ਕੀਤਾ ਹੈ, ਹਾਲਾਂਕਿ ਕੁਝ ਲੋਕਾਂ ਵਿੱਚ ਚਰਚਾ ਹੈ ਕਿ ਕੀ ਇਸ ਤਰ੍ਹਾਂ ਦੇ ਫ਼ੈਸਲੇ ਨਾਲ ਪ੍ਰਵਾਸੀਆਂ ਦੀ ਰੋਜ਼ੀ-ਰੋਟੀ ਤੇ ਨਾ ਚੋਟ ਪਵੇਗੀ। ਪਰ ਪੰਚਾਇਤ ਦਾ ਮਤਲਬ ਸਾਫ਼ ਹੈ ਕਿ ਪਿੰਡ ਦੇ ਹਿਤਾਂ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੀ ਇਹ ਕਦਮ ਚੁੱਕਿਆ ਗਿਆ ਹੈ।