ਪੰਜਾਬੀ ਫਿਲਮ ਇੰਡਸਟਰੀ ਅਤੇ ਕਾਮੇਡੀ ਦੀ ਦੁਨੀਆ ਲਈ ਇੱਕ ਵੱਡੀ ਦੁਖਭਰੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਪੰਜਾਬੀ ਕਾਮੇਡੀਅਨ ਅਤੇ ਅਦਾਕਾਰ ਜਸਵਿੰਦਰ ਭੱਲਾ ਹੁਣ ਸਾਡੇ ਵਿਚਕਾਰ ਨਹੀਂ ਰਹੇ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਹਸਪਤਾਲ ਵਿੱਚ ਇਲਾਜ ਹੇਠ ਸਨ। ਅੱਜ ਸਵੇਰੇ ਹਾਲਤ ਵੱਧ ਖਰਾਬ ਹੋਣ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਹ 65 ਸਾਲ ਦੇ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਮੋਹਾਲੀ ਵਿੱਚ ਕੀਤਾ ਜਾਵੇਗਾ।
ਲੰਮੇ ਸਮੇਂ ਤੋਂ ਬਿਮਾਰ ਸਨ
ਭੱਲਾ ਦੇ ਕਰੀਬੀ ਦੋਸਤ ਬਾਲ ਮੁਕੁੰਦ ਸ਼ਰਮਾ ਨੇ ਕਿਹਾ, “ਇਸ ਘਾਟੇ ਦੀ ਭਰਪਾਈ ਕਦੇ ਨਹੀਂ ਹੋ ਸਕਦੀ। ਅਸੀਂ ਚਾਲੀ ਸਾਲਾਂ ਤੋਂ ਇਕੱਠੇ ਸੀ। ਉਹ ਮੈਨੂੰ ਸਦਾ ਆਪਣੇ ਭਰਾ ਵਾਂਗ ਹੀ ਮੰਨਦੇ ਰਹੇ।” ਸ਼ਰਮਾ ਨੇ ਦੱਸਿਆ ਕਿ ਜਸਵਿੰਦਰ ਭੱਲਾ ਲਗਭਗ ਇੱਕ ਮਹੀਨੇ ਤੋਂ ਬਿਮਾਰ ਸਨ ਅਤੇ ਇਲਾਜ ਕਰਵਾ ਰਹੇ ਸਨ।
ਜਨਮ ਤੇ ਕਰੀਅਰ
ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਦੇ ਦੋਰਾਹਾ ਵਿੱਚ ਹੋਇਆ ਸੀ। ਪੇਸ਼ੇ ਨਾਲ ਉਹ ਪ੍ਰੋਫੈਸਰ ਵੀ ਰਹੇ। ਉਨ੍ਹਾਂ ਨੇ 1988 ਵਿੱਚ ਛਣਕਟਾ 88 ਨਾਲ ਕਾਮੇਡੀ ਦੇ ਖੇਤਰ ਵਿੱਚ ਪੇਸ਼ੇਵਰ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਫਿਲਮ ਦੁੱਲਾ ਭੱਟੀ ਨਾਲ ਉਹ ਸਿਨੇਮਾ ਜਗਤ ਵਿੱਚ ਅਦਾਕਾਰ ਵਜੋਂ ਵੀ ਜਾਣੇ ਜਾਣ ਲੱਗੇ।
ਉਨ੍ਹਾਂ ਦੀ ਛਣਕਟਾ ਕਾਮੇਡੀ ਲੜੀ ਨੇ ਪੰਜਾਬੀ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾਈ। ਪੰਜਾਬੀ ਫਿਲਮਾਂ ਵਿੱਚ ਉਨ੍ਹਾਂ ਦਾ ਹਾਸਰਸ ਅੰਦਾਜ਼ ਦਰਸ਼ਕਾਂ ਦੀ ਪਸੰਦ ਬਣਿਆ ਅਤੇ ਅੱਜ ਸ਼ਾਇਦ ਕੋਈ ਵੀ ਪੰਜਾਬੀ ਫਿਲਮ ਐਸੀ ਨਹੀਂ, ਜਿਸ ਵਿੱਚ ਉਹ ਨਜ਼ਰ ਨਾ ਆਏ ਹੋਣ।
ਇੰਡਸਟਰੀ ਵਿੱਚ ਸੋਗ
ਭੱਲਾ ਦੇ ਦੇਹਾਂਤ ਦੀ ਖ਼ਬਰ ਨਾਲ ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪੰਜਾਬੀ ਗਾਇਕ ਨਛੱਤਰ ਗਿੱਲ, ਮੰਗੀ ਮਾਹਲ, ਗੁਰਵਿੰਦਰ ਕੈਂਡੋਵਾਲ, ਗੁਰਲੇਜ ਅਖਤਰ ਅਤੇ ਗੁਰਵਿੰਦਰ ਕੈਲੀ ਸਮੇਤ ਕਈ ਕਲਾਕਾਰਾਂ ਨੇ ਦੁੱਖ ਪ੍ਰਗਟਾਇਆ ਹੈ। ਹਾਲ ਹੀ ਵਿੱਚ ਮੰਗੀ ਮਾਹਲ ਦੇ ਨਾਲ ਵਿਦੇਸ਼ ਵਿੱਚ ਇੱਕ ਸ਼ੋਅ ਦੌਰਾਨ ਭੱਲਾ ਦੀ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿੱਚ ਉਹ ਆਪਣੇ ਹਾਸੇ ਨਾਲ ਸਭ ਨੂੰ ਖੁਸ਼ ਕਰਦੇ ਨਜ਼ਰ ਆਏ।