ਨਵੀਂ ਦਿੱਲੀ : ਦੇਸ਼ ਦੇ ਸਾਬਕਾ ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਆਖਿਰਕਾਰ ਲਗਭਗ 50 ਦਿਨਾਂ ਦੀ ਚੁੱਪੀ ਤੋੜੀ ਹੈ। ਧਨਖੜ ਨੇ ਮੰਗਲਵਾਰ ਨੂੰ ਆਪਣੇ ਉੱਤਰਾਧਿਕਾਰੀ ਅਤੇ ਨਵੇਂ ਚੁਣੇ ਉਪ-ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਨੂੰ ਵਧਾਈ ਸੰਦੇਸ਼ ਭੇਜਿਆ। ਉਨ੍ਹਾਂ ਨੇ ਕਿਹਾ ਕਿ ਰਾਧਾਕ੍ਰਿਸ਼ਨਨ ਦਾ ਵਿਸ਼ਾਲ ਅਨੁਭਵ ਅਤੇ ਰਾਜਨੀਤਿਕ ਯਾਤਰਾ ਇਸ ਅਹੁਦੇ ਨੂੰ ਹੋਰ ਮਾਣ-ਮਰਿਆਦਾ ਬਖ਼ਸ਼ੇਗੀ ਅਤੇ ਦੇਸ਼ ਦੀ ਲੋਕਤੰਤਰਕ ਪ੍ਰਕਿਰਿਆ ਨੂੰ ਹੋਰ ਮਜ਼ਬੂਤ ਕਰੇਗੀ।
ਜੁਲਾਈ ਮਹੀਨੇ ਵਿੱਚ, ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਦੇ ਪਹਿਲੇ ਹੀ ਦਿਨ 21 ਜੁਲਾਈ ਨੂੰ, ਧਨਖੜ ਨੇ ਸਿਹਤ ਸਮੱਸਿਆਵਾਂ ਦਾ ਹਵਾਲਾ ਦੇ ਕੇ ਅਚਾਨਕ ਉਪ-ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੇ ਅਸਤੀਫੇ ਨਾਲ ਸਿਆਸੀ ਗਲਿਆਰਿਆਂ ਵਿੱਚ ਚਰਚਾ ਦਾ ਮਾਹੌਲ ਬਣ ਗਿਆ ਸੀ, ਕਿਉਂਕਿ ਇਹ ਫੈਸਲਾ ਕਿਸੇ ਨੂੰ ਵੀ ਪਹਿਲਾਂ ਤੋਂ ਉਮੀਦ ਨਹੀਂ ਸੀ। ਅਸਤੀਫੇ ਕਾਰਨ ਹੀ ਨਵੇਂ ਉਪ-ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਕਰਵਾਈ ਗਈ।
ਇਸ ਚੋਣ ਵਿੱਚ ਰਾਸ਼ਟਰੀ ਲੋਕਤੰਤਰੀ ਗਠਜੋੜ (ਐਨ.ਡੀ.ਏ.) ਵੱਲੋਂ ਉਮੀਦਵਾਰ ਬਣੇ ਸੀਪੀ ਰਾਧਾਕ੍ਰਿਸ਼ਨਨ ਨੇ 452 ਵੋਟਾਂ ਪ੍ਰਾਪਤ ਕਰਕੇ ਸਪੱਸ਼ਟ ਬਹੁਮਤ ਨਾਲ ਜਿੱਤ ਦਰਜ ਕੀਤੀ। ਉਨ੍ਹਾਂ ਦੇ ਮੁਕਾਬਲੇ ਖੜ੍ਹੇ ਵਿਰੋਧੀ ਉਮੀਦਵਾਰ ਬੀ. ਸੁਦਰਸ਼ਨ ਰੈਡੀ ਨੂੰ ਕੇਵਲ 300 ਵੋਟਾਂ ਮਿਲੀਆਂ।
ਰਾਧਾਕ੍ਰਿਸ਼ਨਨ ਨੂੰ ਲਿਖੇ ਪੱਤਰ ਵਿੱਚ ਧਨਖੜ ਨੇ ਕਿਹਾ, “ਇਸ ਮਾਣਯੋਗ ਅਹੁਦੇ ‘ਤੇ ਤੁਹਾਡੀ ਚੋਣ ਸੰਸਦ ਦੇ ਮੈਂਬਰਾਂ ਵੱਲੋਂ ਮਿਲੇ ਭਰੋਸੇ ਅਤੇ ਲੋਕਤੰਤਰੀ ਪ੍ਰਣਾਲੀ ਵਿੱਚ ਵਿਸ਼ਵਾਸ ਨੂੰ ਦਰਸਾਉਂਦੀ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਨਤਕ ਜੀਵਨ ਵਿੱਚ ਤੁਹਾਡੇ ਵਿਸ਼ਾਲ ਤਜਰਬੇ ਦੇ ਅਧਾਰ ‘ਤੇ ਤੁਸੀਂ ਇਸ ਅਹੁਦੇ ਨੂੰ ਹੋਰ ਸ਼ਾਨ ਅਤੇ ਸਨਮਾਨ ਨਾਲ ਅੱਗੇ ਲੈ ਕੇ ਜਾਵੋਗੇ।”
ਯਾਦ ਰਹੇ ਕਿ ਜਗਦੀਪ ਧਨਖੜ 2022 ਵਿੱਚ ਉਪ-ਰਾਸ਼ਟਰਪਤੀ ਚੁਣੇ ਗਏ ਸਨ ਅਤੇ ਇਸ ਤੋਂ ਪਹਿਲਾਂ ਉਹ ਰਾਜਸਥਾਨ ਹਾਈਕੋਰਟ ਦੇ ਵਕੀਲ ਅਤੇ ਪੱਛਮੀ ਬੰਗਾਲ ਦੇ ਰਾਜਪਾਲ ਵੀ ਰਹਿ ਚੁੱਕੇ ਹਨ। ਉਨ੍ਹਾਂ ਦਾ ਕਾਰਜਕਾਲ ਹਾਲਾਂਕਿ ਪੂਰਾ ਨਹੀਂ ਹੋ ਸਕਿਆ, ਪਰ ਉਨ੍ਹਾਂ ਦੀ ਸਾਫ਼-ਸੁਥਰੀ ਛਵੀ ਅਤੇ ਸੰਵਿਧਾਨਕ ਮੁੱਦਿਆਂ ‘ਤੇ ਪੱਕੇ ਸਟੈਂਡ ਲਈ ਉਹ ਹਮੇਸ਼ਾਂ ਜਾਣੇ ਜਾਂਦੇ ਹਨ।