ਟੈਕਸਦਾਤਾਵਾਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਆਮਦਨ ਕਰ ਰਿਟਰਨ (ITR) ਭਰਨ ਦੀ ਆਖਰੀ ਮਿਤੀ ਨੂੰ ਇੱਕ ਵਾਰ ਫਿਰ ਵਧਾ ਦਿੱਤਾ ਗਿਆ ਹੈ। ਹੁਣ ਟੈਕਸਦਾਤਾ ਆਪਣਾ ਆਈਟੀਆਰ 16 ਸਤੰਬਰ 2025 ਤੱਕ ਫਾਈਲ ਕਰ ਸਕਣਗੇ। ਵਿੱਤ ਮੰਤਰਾਲੇ ਨੇ ਦੇਰ ਰਾਤ ਇਸ ਬਾਰੇ ਐਲਾਨ ਕਰਦੇ ਹੋਏ ਕਿਹਾ ਕਿ ਟੈਕਸਦਾਤਾਵਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ।
ਦਰਅਸਲ, ਇਹ ਦੂਜੀ ਵਾਰ ਹੈ ਜਦੋਂ ਸਰਕਾਰ ਨੇ ਮਿਤੀ ਵਿੱਚ ਵਾਧਾ ਕੀਤਾ ਹੈ। ਅਸਲ ਵਿੱਚ ਆਈਟੀਆਰ ਫਾਈਲ ਕਰਨ ਦੀ ਮਿਤੀ 31 ਜੁਲਾਈ 2025 ਤੱਕ ਸੀ, ਜਿਸ ਨੂੰ ਪਹਿਲਾਂ ਵਧਾ ਕੇ 15 ਸਤੰਬਰ ਕੀਤਾ ਗਿਆ ਸੀ। ਪਰ ਹਾਲੀਆ ਦਿਨਾਂ ਵਿੱਚ ਬਹੁਤ ਸਾਰੇ ਚਾਰਟਰਡ ਅਕਾਉਂਟੈਂਟ (CAs) ਅਤੇ ਟੈਕਸਦਾਤਾਵਾਂ ਨੇ ਸਰਵਰ ਹੈਂਗ ਹੋਣ, ਪੋਰਟਲ ’ਤੇ ਟਾਈਮਆਊਟ ਹੋਣ, ਗਲਤੀਆਂ ਆਉਣ ਤੇ ਰਿਟਰਨ ਅਪਲੋਡ ਨਾ ਹੋਣ ਵਰਗੀਆਂ ਸਮੱਸਿਆਵਾਂ ਦੀਆਂ ਸ਼ਿਕਾਇਤਾਂ ਕੀਤੀਆਂ। ਇਸ ਕਰਕੇ ਸਰਕਾਰ ਨੂੰ ਫਿਰ ਇੱਕ ਦਿਨ ਦਾ ਵਾਧਾ ਕਰਨਾ ਪਿਆ ਹੈ।
ਆਮਦਨ ਕਰ ਵਿਭਾਗ ਨੇ ਕੀ ਕਿਹਾ?
ਇਨਕਮ ਟੈਕਸ ਵਿਭਾਗ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) ’ਤੇ ਪੋਸਟ ਕਰਕੇ ਕਿਹਾ ਕਿ ਮੁਲਾਂਕਣ ਸਾਲ 2025-26 ਲਈ ਆਈਟੀਆਰ ਭਰਨ ਦੀ ਨਵੀਂ ਮਿਤੀ ਹੁਣ 16 ਸਤੰਬਰ 2025 ਹੋਵੇਗੀ। ਵਿਭਾਗ ਨੇ ਇਹ ਵੀ ਸਪਸ਼ਟ ਕੀਤਾ ਕਿ 15 ਅਤੇ 16 ਸਤੰਬਰ ਦੀ ਦਰਮਿਆਨੀ ਰਾਤ ਨੂੰ ਸਵੇਰੇ 12 ਵਜੇ ਤੋਂ ਲੈ ਕੇ 2.30 ਵਜੇ ਤੱਕ ਪੋਰਟਲ ਦੀ ਮੇਨਟੇਨੈਂਸ ਵੀ ਕੀਤੀ ਗਈ, ਜਿਸ ਕਰਕੇ ਟੈਕਸਦਾਤਾਵਾਂ ਨੂੰ ਵਧੇਰੇ ਦਿੱਕਤ ਆਈ। ਇਸ ਕਾਰਨ, ਸੀਬੀਡੀਟੀ (CBDT) ਨੇ ਇਕ ਦਿਨ ਦਾ ਵਾਧਾ ਕਰਨ ਦਾ ਫ਼ੈਸਲਾ ਲਿਆ।
ਕਿਸਨੂੰ ਆਈਟੀਆਰ ਫਾਈਲ ਕਰਨਾ ਲਾਜ਼ਮੀ ਹੈ?
ਆਮ ਤੌਰ ’ਤੇ ਹਰੇਕ ਉਹ ਵਿਅਕਤੀ ਜਿਸ ਦੀ ਆਮਦਨ ਟੈਕਸ-ਯੋਗ ਹੈ, ਉਸ ਨੂੰ ਆਈਟੀਆਰ ਫਾਈਲ ਕਰਨੀ ਲਾਜ਼ਮੀ ਹੁੰਦੀ ਹੈ। ਖ਼ਾਸ ਤੌਰ ’ਤੇ:
- ਤਨਖਾਹਦਾਰ ਕਰਮਚਾਰੀ ਅਤੇ ਪੈਨਸ਼ਨਰ।
- ਘਰ ਦੀ ਜਾਇਦਾਦ ਤੋਂ ਕਮਾਈ ਕਰਨ ਵਾਲੇ।
- ਲਾਟਰੀ ਜਾਂ ਘੋੜਾ ਦੌੜ ਵਰਗੇ ਸਰੋਤਾਂ ਤੋਂ ਕਮਾਈ ਕਰਨ ਵਾਲੇ।
- ਉਹ ਲੋਕ ਜਿਨ੍ਹਾਂ ਨੇ ਸਾਲ ਵਿੱਚ ਇਕ ਵਾਰ ਵੀ ਗੈਰ-ਸੂਚੀਬੱਧ ਇਕੁਇਟੀ ਵਿੱਚ ਨਿਵੇਸ਼ ਕੀਤਾ ਹੈ।
- ਕਿਸੇ ਵੀ ਕੰਪਨੀ ਦੇ ਡਾਇਰੈਕਟਰ।
- ਪੂੰਜੀ ਲਾਭ (Capital Gain) ਤੋਂ ਕਮਾਈ ਕਰਨ ਵਾਲੇ।
ਟੈਕਸਦਾਤਾਵਾਂ ਲਈ ਸੁਨੇਹਾ
ਵਿੱਤ ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ, ਹੁਣ ਟੈਕਸਦਾਤਾਵਾਂ ਕੋਲ 16 ਸਤੰਬਰ 2025 ਤੱਕ ਦਾ ਸਮਾਂ ਹੈ। ਹਾਲਾਂਕਿ ਮਾਹਰਾਂ ਦੀ ਸਲਾਹ ਹੈ ਕਿ ਆਖ਼ਰੀ ਵੇਲੇ ਤੱਕ ਇੰਤਜ਼ਾਰ ਨਾ ਕੀਤਾ ਜਾਵੇ ਅਤੇ ਜਿੰਨਾ ਜਲਦੀ ਹੋ ਸਕੇ ਆਪਣੀ ਰਿਟਰਨ ਫਾਈਲ ਕਰ ਲਈ ਜਾਵੇ, ਤਾਂ ਜੋ ਸਰਵਰ ਦੀਆਂ ਸਮੱਸਿਆਵਾਂ ਜਾਂ ਹੋਰ ਤਕਨੀਕੀ ਰੁਕਾਵਟਾਂ ਤੋਂ ਬਚਿਆ ਜਾ ਸਕੇ।