ਨਵੀਂ ਦਿੱਲੀ/ਮੁੰਬਈ – ਐਪਲ ਦਾ ਨਵਾਂ ਆਈਫੋਨ 17 ਭਾਰਤ ਵਿੱਚ ਲਾਂਚ ਹੋਣ ਨਾਲ ਹੀ ਸ਼ੌਕੀਨਾਂ ਵਿੱਚ ਬੇਹੱਦ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਦੇਸ਼ ਦੇ ਵੱਡੇ ਸ਼ਹਿਰਾਂ ਵਿਚਲੇ ਐਪਲ ਸਟੋਰਾਂ ਦੇ ਬਾਹਰ ਸਵੇਰੇ ਤੋਂ ਹੀ ਹਜ਼ਾਰਾਂ ਲੋਕ ਲੰਬੀਆਂ ਲਾਈਨਾਂ ਵਿੱਚ ਖੜ੍ਹੇ ਨਜ਼ਰ ਆਏ। ਕਈ ਸਟੋਰਾਂ ਦੇ ਦਰਵਾਜ਼ੇ ਖੁਲ੍ਹਦੇ ਹੀ ਖਰੀਦਦਾਰਾਂ ਵਿੱਚ ਥੱਪੜੋ-ਥੱਪੜੀ ਵਰਗੀ ਸਥਿਤੀ ਬਣ ਗਈ। ਭਾਵੇਂ ਨਵਾਂ ਮਾਡਲ ਮਿਲਣ ਲਈ ਘੰਟਿਆਂ ਇੰਤਜ਼ਾਰ ਕਰਨਾ ਪੈ ਰਿਹਾ ਹੈ, ਪਰ ਸ਼ੌਕੀਨਾਂ ਦਾ ਜੋਸ਼ ਘੱਟ ਨਹੀਂ ਹੋਇਆ।
ਨਵੀਂ ਲਾਈਨਅੱਪ ਨੇ ਵਧਾਇਆ ਜੋਸ਼
ਐਪਲ ਨੇ ਇਸ ਵਾਰ ਆਈਫੋਨ 17 ਲਾਈਨਅੱਪ ਵਿੱਚ ਕਈ ਵੱਡੇ ਬਦਲਾਅ ਕੀਤੇ ਹਨ। 19 ਸਤੰਬਰ ਤੋਂ ਵਿਕਰੀ ਲਈ ਉਪਲਬਧ ਨਵੇਂ ਮਾਡਲਾਂ ਵਿੱਚ iPhone 17, iPhone 17 Pro, iPhone 17 Max ਅਤੇ ਪਹਿਲੀ ਵਾਰ ਪੇਸ਼ ਕੀਤਾ ਗਿਆ iPhone Air ਸ਼ਾਮਲ ਹੈ। ਇਸ ਦੇ ਨਾਲ ਕੰਪਨੀ ਨੇ ਐਪਲ ਵਾਚ ਸੀਰੀਜ਼ 11, ਐਪਲ ਵਾਚ ਅਲਟਰਾ 3, ਐਪਲ ਵਾਚ SE 3 ਅਤੇ ਏਅਰਪੌਡਸ ਪ੍ਰੋ 3 ਵੀ ਮਾਰਕੀਟ ਵਿੱਚ ਲਾਂਚ ਕੀਤੇ ਹਨ। ਪਿਛਲੇ ਹਫ਼ਤੇ ਹੋਏ “Away Dropping” ਇਵੈਂਟ ਵਿੱਚ ਸਭ ਤੋਂ ਵੱਧ ਚਰਚਾ iPhone Air ਨੇ ਹਾਸਲ ਕੀਤੀ ਸੀ, ਜਿਸਨੂੰ ਹੁਣ ਤੱਕ ਦਾ ਸਭ ਤੋਂ ਪਤਲਾ ਆਈਫੋਨ ਦੱਸਿਆ ਜਾ ਰਿਹਾ ਹੈ। ਇਸਦੀ ਮੋਟਾਈ ਕੇਵਲ 5.6 ਮਿਲੀਮੀਟਰ ਹੈ।
ਖਰੀਦਦਾਰਾਂ ਦੀ ਦਿਲਚਸਪੀ ਦੇ ਕਾਰਨ
ਮੁੰਬਈ ਦੇ ਬਾਂਦਰਾ-ਕੁਰਲਾ ਕੰਪਲੈਕਸ ਸਟੋਰ ਦੇ ਬਾਹਰ ਲਾਈਨ ਵਿੱਚ ਖੜ੍ਹੇ ਇੱਕ ਗਾਹਕ ਨੇ ਦੱਸਿਆ, “ਇਸ ਵਾਰ ਡਿਜ਼ਾਈਨ ਕਾਫ਼ੀ ਬਦਲਿਆ ਗਿਆ ਹੈ। ਮੇਰੇ ਕੋਲ ਪਿਛਲਾ 15 Pro Max ਸੀ, ਪਰ 17 ਸੀਰੀਜ਼ ਕੈਮਰੇ ਅਤੇ ਪ੍ਰੋਸੈਸਰ ਵਿੱਚ ਵੱਡਾ ਅਪਗ੍ਰੇਡ ਲੱਗ ਰਿਹਾ ਹੈ। ਬੈਟਰੀ ਵੀ ਹੋਰ ਵਧੀਆ ਹੈ, ਇਸ ਕਰਕੇ ਮੈਂ ਇਹ ਖਰੀਦਣ ਆਇਆ ਹਾਂ।”
ਇੱਕ ਹੋਰ ਖਰੀਦਦਾਰ ਅਮਨ ਮੇਮਨ ਨੇ ਕਿਹਾ, “ਮੈਂ ਛੇ ਮਹੀਨੇ ਤੋਂ iPhone 17 Pro Max ਦੇ ਖਾਸ ਰੰਗ ਦੀ ਉਡੀਕ ਕਰ ਰਿਹਾ ਸੀ। ਇਸ ਵਿੱਚ ਨਵਾਂ A19 ਬਾਇਓਨਿਕ ਚਿਪ ਹੈ ਜੋ ਗੇਮਿੰਗ ਅਨੁਭਵ ਨੂੰ ਬਿਹਤਰ ਕਰੇਗਾ।”
ਪ੍ਰੀ-ਆਰਡਰ ਤੋਂ ਲੈ ਕੇ ਪਹਿਲੇ ਦਿਨ ਤੱਕ ਦੀ ਗਰਮੀ
ਕੰਪਨੀ ਨੇ ਨਵੇਂ ਮਾਡਲਾਂ ਲਈ ਪ੍ਰੀ-ਆਰਡਰ 12 ਸਤੰਬਰ ਨੂੰ ਸ਼ੁਰੂ ਕੀਤੇ ਸਨ। ਪਹਿਲੇ ਹੀ ਦਿਨ ਆਨਲਾਈਨ ਬੁਕਿੰਗ ਲਈ ਭਾਰਤ ਤੋਂ ਬੇਮਿਸਾਲ ਰਿਸਪਾਂਸ ਮਿਲਿਆ। ਤਾਜ਼ਾ ਅੰਕੜਿਆਂ ਅਨੁਸਾਰ, ਦਿੱਲੀ, ਮੁੰਬਈ, ਬੈਂਗਲੁਰੂ, ਚੇਨਈ ਅਤੇ ਹੈਦਰਾਬਾਦ ਸਮੇਤ ਵੱਡੇ ਸ਼ਹਿਰਾਂ ਵਿੱਚ ਸਵੇਰੇ ਤੋਂ ਹੀ ਹਜ਼ਾਰਾਂ ਲੋਕ ਸਟੋਰਾਂ ਦੇ ਬਾਹਰ ਇਕੱਠੇ ਹੋਏ।
ਭਾਰਤੀ ਮਾਰਕੀਟ ਲਈ ਖਾਸ ਮਹੱਤਵ
ਐਪਲ ਲਈ ਭਾਰਤ ਦੀ ਮਾਰਕੀਟ ਹੁਣ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਕੰਪਨੀ ਨੇ ਨਾ ਸਿਰਫ਼ ਰਿਟੇਲ ਸਟੋਰਾਂ ਦੀ ਗਿਣਤੀ ਵਧਾਈ ਹੈ, ਬਲਕਿ ਸਥਾਨਕ ਉਤਪਾਦਨ ਨੂੰ ਵੀ ਤਰਜੀਹ ਦਿੱਤੀ ਹੈ। ਵਿਸ਼ਲੇਸ਼ਕ ਮੰਨਦੇ ਹਨ ਕਿ ਨਵੀਂ ਲਾਈਨਅੱਪ ਭਾਰਤੀ ਮਾਰਕੀਟ ਵਿੱਚ ਐਪਲ ਦੀ ਹਿਸੇਦਾਰੀ ਨੂੰ ਹੋਰ ਮਜ਼ਬੂਤ ਕਰੇਗੀ।
ਭਾਵੇਂ ਕੀਮਤਾਂ ਪ੍ਰੀਮੀਅਮ ਸੈਗਮੈਂਟ ਵਿੱਚ ਹਨ, ਪਰ iPhone 17 ਦੀ ਮੰਗ ਸਾਬਤ ਕਰਦੀ ਹੈ ਕਿ ਭਾਰਤੀ ਗ੍ਰਾਹਕਾਂ ਲਈ ਐਪਲ ਦਾ ਬ੍ਰਾਂਡ ਅਜੇ ਵੀ ਤਕਨੀਕ ਅਤੇ ਪ੍ਰਸਿੱਧੀ ਦਾ ਵੱਡਾ ਪ੍ਰਤੀਕ ਹੈ।