ਮਾਨਸਾ: ਮੰਗਲਵਾਰ ਨੂੰ ਸਵੇਰੇ ਤੋਂ ਦੁਪਹਿਰ ਤੱਕ ਲਗਾਤਾਰ ਰੁਕ-ਰੁਕ ਕੇ ਪੈ ਰਹੇ ਮੀਂਹ ਨੇ ਮਾਨਸਾ ਸ਼ਹਿਰ ਦੀ ਸਥਿਤੀ ਮੁੜ ਖਰਾਬ ਕਰ ਦਿੱਤੀ। ਦੁਪਹਿਰ ਤਿੰਨ ਵਜੇ ਤੱਕ ਪੈਂਦੇ ਮੀਂਹ ਕਾਰਨ ਸਾਰਾ ਸ਼ਹਿਰ ਜਲਥਲ ਹੋ ਗਿਆ ਅਤੇ ਗਲੀਆਂ, ਨਾਲੀਆਂ, ਰਾਹਾਂ ਤੇ ਸੜਕਾਂ ਪਾਣੀ ਵਿੱਚ ਡੁੱਬ ਗਈਆਂ। ਇਸ ਕਾਰਨ ਆਮ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਅਤੇ ਬਾਜ਼ਾਰਾਂ ਦਾ ਕਾਰੋਬਾਰ ਠੱਪ ਰਿਹਾ। ਬਹੁਤ ਸਾਰੀਆਂ ਦੁਕਾਨਾਂ ਨੂੰ ਮਜਬੂਰ ਹੋ ਕੇ ਬੰਦ ਕਰਨਾ ਪਿਆ, ਜਦਕਿ ਕੁਝ ਖੁੱਲ੍ਹੀਆਂ ਰਹੀਆਂ ਤਾਂ ਵੀ ਉੱਥੇ ਖਰੀਦਦਾਰ ਨਾ ਹੋਣ ਕਾਰਨ ਰੌਣਕ ਨਹੀਂ ਸੀ।
ਸਭ ਤੋਂ ਵੱਧ ਮਾੜੀ ਸਥਿਤੀ ਬੱਸ ਅੱਡਾ ਚੌਂਕ ‘ਚ ਬਣੀ, ਜਿੱਥੇ ਪਾਣੀ ਇਕੱਠਾ ਹੋ ਕੇ ਛੱਪੜ ਵਰਗਾ ਦ੍ਰਿਸ਼ ਪੈਦਾ ਕਰ ਗਿਆ। ਨਗਰ ਕੌਂਸਲ ਵੱਲੋਂ ਪਾਣੀ ਨਿਕਾਸੀ ਲਈ ਚਲਾਈ ਮੁਹਿੰਮ ਵੀ ਇਸ ਵਾਰ ਬੇਅਸਰ ਰਹੀ। ਵੱਖ-ਵੱਖ ਵਾਰਡਾਂ ਵਿੱਚ ਲਗਾਏ ਗਏ ਪੰਪ ਮੀਂਹ ਦੀ ਤੀਬਰਤਾ ਸਾਹਮਣੇ ਅਸਰਦਾਰ ਸਾਬਤ ਨਾ ਹੋ ਸਕੇ ਅਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਸ਼ਹਿਰ ਦੀਆਂ ਕਈ ਮਹੱਤਵਪੂਰਨ ਸੜਕਾਂ ਵੀ ਪਾਣੀ ਵਿੱਚ ਘਿਰ ਗਈਆਂ। ਸਿਨੇਮਾ ਰੋਡ, ਬਾਬਾ ਭਾਈ ਗੁਰਦਾਸ ਰੋਡ, ਅੰਡਰਬ੍ਰਿਜ ਅਤੇ ਵਾਰਡ ਨੰਬਰ 7 ਤੇ 8 ਵਿਚ ਆਵਾਜਾਈ ਕਰਨਾ ਲੋਕਾਂ ਲਈ ਮੁਸ਼ਕਲ ਬਣ ਗਿਆ। ਅੰਡਰਬ੍ਰਿਜ ਵਿਚ ਭਰੇ ਪਾਣੀ ਕਾਰਨ ਟ੍ਰੈਫਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਰੇਲਵੇ ਫਾਟਕ ਵੀ ਲੰਮੇ ਸਮੇਂ ਲਈ ਬੰਦ ਰਹਿਣ ਕਰਕੇ ਲੋਕ ਘੰਟਿਆਂ ਟ੍ਰੈਫਿਕ ਜਾਮ ਵਿੱਚ ਫਸੇ ਰਹੇ। ਰੇਲਵੇ ਫਾਟਕ ਤੇ ਆਸਪਾਸ ਦੇ ਰਸਤੇ ਬੰਦ ਹੋਣ ਨਾਲ ਲੋਕਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਸਥਾਨਕ ਵਾਸੀਆਂ ਵਿੱਚ ਨਾਰਾਜ਼ਗੀ ਦਾ ਮਾਹੌਲ ਬਣਿਆ ਹੋਇਆ ਹੈ। ਸਾਬਕਾ ਕੌਂਸਲਰ ਸ਼ਿਵਚਰਨ ਸੂਚਨ, ਹਰਪਾਲ ਸਿੰਘ ਪਾਲੀ ਅਤੇ ਆਤਮਾ ਸਿੰਘ ਪਮਾਰ ਨੇ ਕਿਹਾ ਕਿ ਸ਼ਹਿਰ ਦੀ ਪਾਣੀ ਨਿਕਾਸੀ ਪ੍ਰਣਾਲੀ ਬਿਲਕੁਲ ਫੇਲ ਹੋ ਚੁੱਕੀ ਹੈ। ਹਰ ਵਾਰ ਮੀਂਹ ਪੈਣ ਨਾਲ ਲੋਕਾਂ ਦਾ ਕਾਰੋਬਾਰ ਬਰਬਾਦ ਹੋ ਜਾਂਦਾ ਹੈ ਅਤੇ ਆਵਾਜਾਈ ਠੱਪ ਹੋ ਜਾਂਦੀ ਹੈ। ਇਹ ਗੰਭੀਰ ਸਮੱਸਿਆ ਹੈ ਜਿਸ ਲਈ ਸਰਕਾਰ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਹੈ।
ਇਸੇ ਦੌਰਾਨ, ਸਮਾਜ ਸੇਵੀ ਸੰਦੀਪ ਕੁਮਾਰ ਭਾਠਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਅਧਿਕਾਰੀਆਂ ਤੱਕ ਲਿਖਿਤ ਰੂਪ ਵਿੱਚ ਪਹੁੰਚਾਉਣ। ਉਨ੍ਹਾਂ ਕਿਹਾ ਕਿ ਮਾਨਸਾ ਦੀ ਮੌਜੂਦਾ ਸਥਿਤੀ ਬਾਰੇ ਮੰਤਰੀਆਂ ਤੇ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾਇਆ ਜਾਵੇਗਾ ਤਾਂ ਜੋ ਇਸ ਗੰਭੀਰ ਸਮੱਸਿਆ ਦਾ ਸਥਾਈ ਹੱਲ ਨਿਕਲ ਸਕੇ।