ਜਿਗਰ ਸਾਡੇ ਸਰੀਰ ਦੀ ਸਭ ਤੋਂ ਮਹੱਤਵਪੂਰਨ ਗ੍ਰੰਥੀਆਂ ਵਿੱਚੋਂ ਇੱਕ ਹੈ, ਜੋ ਡੀਟੌਕਸੀਫਿਕੇਸ਼ਨ ਤੋਂ ਲੈ ਕੇ ਪੌਸ਼ਟਿਕ ਤੱਤਾਂ ਦੀ ਪ੍ਰੋਸੈਸਿੰਗ ਅਤੇ ਊਰਜਾ ਸਟੋਰ ਕਰਨ ਤੱਕ ਕਈ ਜ਼ਰੂਰੀ ਕੰਮ ਕਰਦਾ ਹੈ। ਪਰ ਜਦੋਂ ਜਿਗਰ ਦੀ ਸਿਹਤ ਖ਼ਰਾਬ ਹੋਣ ਲੱਗਦੀ ਹੈ, ਤਾਂ ਇਸ ਦੇ ਅਸਰ ਸਿਰਫ਼ ਪੇਟ ਜਾਂ ਪਾਚਨ ਪ੍ਰਣਾਲੀ ਤੱਕ ਸੀਮਿਤ ਨਹੀਂ ਰਹਿੰਦੇ, ਸਗੋਂ ਇਹ ਸੰਕੇਤ ਅੱਖਾਂ ਵਿੱਚ ਵੀ ਸਪੱਸ਼ਟ ਦਿਸਣ ਲੱਗਦੇ ਹਨ। ਡਾਕਟਰਾਂ ਦੇ ਅਨੁਸਾਰ ਅੱਖਾਂ ਦੀ ਹਾਲਤ ਜਿਗਰ ਦੀ ਸਿਹਤ ਬਾਰੇ ਕਾਫ਼ੀ ਕੁਝ ਦੱਸ ਸਕਦੀ ਹੈ। ਅਕਸਰ ਲੋਕ ਇਨ੍ਹਾਂ ਸੰਕੇਤਾਂ ਨੂੰ ਮਾਮੂਲੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ, ਜੋ ਕਿ ਭਵਿੱਖ ਵਿੱਚ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਆਓ ਜਾਣਦੇ ਹਾਂ ਕਿ ਜਿਗਰ ਦੇ ਨੁਕਸਾਨ ਦੀਆਂ ਉਹ ਕਿਹੜੀਆਂ ਨਿਸ਼ਾਨੀਆਂ ਹਨ ਜੋ ਸਿੱਧੀਆਂ ਅੱਖਾਂ ਵਿੱਚ ਨਜ਼ਰ ਆਉਂਦੀਆਂ ਹਨ—
1. ਅੱਖਾਂ ਹੇਠਾਂ ਡਾਰਕ ਸਰਕਲ
ਅੱਖਾਂ ਦੇ ਹੇਠਾਂ ਕਾਲੇ ਘੇਰੇ ਆਮ ਤੌਰ ‘ਤੇ ਥਕਾਵਟ, ਨੀਂਦ ਦੀ ਘਾਟ ਜਾਂ ਤਣਾਅ ਕਾਰਨ ਮੰਨੇ ਜਾਂਦੇ ਹਨ। ਪਰ ਜੇ ਇਹ ਘੇਰੇ ਲੰਬੇ ਸਮੇਂ ਤੱਕ ਰਹਿਣ ਤੇ ਚੰਗੀ ਨੀਂਦ ਨਾਲ ਵੀ ਦੂਰ ਨਾ ਹੋਣ, ਤਾਂ ਇਹ ਜਿਗਰ ਦੇ ਕੰਮਕਾਜ ਵਿੱਚ ਗੜਬੜ ਦਾ ਸੰਕੇਤ ਹੋ ਸਕਦੇ ਹਨ। ਜਿਗਰ ਦੀ ਕਮਜ਼ੋਰੀ ਕਾਰਨ ਸਰੀਰ ਵਿੱਚ ਜ਼ਹਿਰੀਲੇ ਪਦਾਰਥ ਇਕੱਠੇ ਹੋਣ ਲੱਗਦੇ ਹਨ, ਜੋ ਅੱਖਾਂ ਦੇ ਹੇਠਾਂ ਡਾਰਕ ਸਰਕਲ ਬਣਾਉਂਦੇ ਹਨ।
2. ਅੱਖਾਂ ਵਿੱਚ ਖੁਸ਼ਕੀ ਤੇ ਜਲਣ
ਜਦੋਂ ਜਿਗਰ ਪੌਸ਼ਟਿਕ ਤੱਤਾਂ ਨੂੰ ਸਹੀ ਤਰ੍ਹਾਂ ਸਟੋਰ ਜਾਂ ਪ੍ਰੋਸੈਸ ਨਹੀਂ ਕਰ ਪਾਂਦਾ, ਤਾਂ ਇਸ ਦਾ ਅਸਰ ਅੱਖਾਂ ‘ਤੇ ਵੀ ਦਿਸਦਾ ਹੈ। ਵਿਸ਼ੇਸ਼ ਤੌਰ ‘ਤੇ ਵਿਟਾਮਿਨ A, ਜੋ ਕਿ ਜਿਗਰ ਵਿੱਚ ਸਟੋਰ ਹੁੰਦਾ ਹੈ, ਉਸ ਦੀ ਘਾਟ ਕਾਰਨ ਅੱਖਾਂ ਵਿੱਚ ਖੁਸ਼ਕੀ, ਖੁਜਲੀ ਜਾਂ ਜਲਣ ਹੋ ਸਕਦੀ ਹੈ। ਜੇ ਇਹ ਸਮੱਸਿਆ ਲਗਾਤਾਰ ਰਹੇ, ਤਾਂ ਇਹ ਜਿਗਰ ਦੀਆਂ ਸਮੱਸਿਆਵਾਂ ਵੱਲ ਇਸ਼ਾਰਾ ਕਰ ਸਕਦੀ ਹੈ।
3. ਅੱਖਾਂ ਦਾ ਪੀਲਾ ਹੋਣਾ
ਜਿਗਰ ਦੀ ਬਿਮਾਰੀ ਦਾ ਸਭ ਤੋਂ ਆਮ ਤੇ ਗੰਭੀਰ ਲੱਛਣ ਹੈ—ਅੱਖਾਂ ਦਾ ਪੀਲਾ ਹੋਣਾ। ਇਹ ਪੀਲੀਆ ਦਾ ਸੰਕੇਤ ਹੁੰਦਾ ਹੈ, ਜਿਸ ਵਿੱਚ ਸਕਲੇਰਾ (ਅੱਖਾਂ ਦੀ ਚਿੱਟੀ ਪਰਤ) ਪੀਲੀ ਦਿਖਣ ਲੱਗਦੀ ਹੈ। ਇਸਦਾ ਮੁੱਖ ਕਾਰਨ ਖੂਨ ਵਿੱਚ ਬਿਲੀਰੂਬਿਨ ਦੀ ਵੱਧ ਮਾਤਰਾ ਹੁੰਦੀ ਹੈ। ਆਮ ਹਾਲਾਤਾਂ ਵਿੱਚ ਜਿਗਰ ਇਸ ਨੂੰ ਬਾਹਰ ਕੱਢ ਦਿੰਦਾ ਹੈ, ਪਰ ਜਦੋਂ ਜਿਗਰ ਕਮਜ਼ੋਰ ਜਾਂ ਨੁਕਸਾਨੀ ਹੁੰਦਾ ਹੈ, ਤਾਂ ਇਹ ਤੱਤ ਖੂਨ ਵਿੱਚ ਇਕੱਠਾ ਹੋ ਕੇ ਅੱਖਾਂ ਨੂੰ ਪੀਲਾ ਕਰ ਦਿੰਦਾ ਹੈ।
4. ਧੁੰਦਲੀ ਨਜ਼ਰ ਅਤੇ ਅੱਖਾਂ ਵਿੱਚ ਭਾਰੀਪਨ
ਜੇ ਜਿਗਰ ਆਪਣਾ ਕੰਮ ਠੀਕ ਤਰੀਕੇ ਨਾਲ ਨਹੀਂ ਕਰ ਰਿਹਾ, ਤਾਂ ਸਰੀਰ ਵਿੱਚ ਟਾਕਸਿਨ ਵੱਧਣ ਲੱਗਦੇ ਹਨ। ਇਸ ਦਾ ਸਿੱਧਾ ਪ੍ਰਭਾਵ ਅੱਖਾਂ ਦੀ ਰੌਸ਼ਨੀ ‘ਤੇ ਪੈਂਦਾ ਹੈ। ਧੁੰਦਲੀ ਨਜ਼ਰ ਆਉਣੀ, ਅੱਖਾਂ ਵਿੱਚ ਭਾਰੀਪਨ ਮਹਿਸੂਸ ਕਰਨਾ ਜਾਂ ਲਗਾਤਾਰ ਥਕਾਵਟ ਮਹਿਸੂਸ ਕਰਨਾ, ਇਹ ਸਭ ਜਿਗਰ ਦੀ ਬੀਮਾਰੀ ਨਾਲ ਜੁੜੇ ਹੋ ਸਕਦੇ ਹਨ।
⚠️ ਧਿਆਨ ਰੱਖੋ: ਜੇ ਅੱਖਾਂ ਵਿੱਚ ਇਹਨਾਂ ਵਿੱਚੋਂ ਕੋਈ ਵੀ ਲੱਛਣ ਲਗਾਤਾਰ ਦਿਸਦੇ ਹਨ, ਤਾਂ ਇਸਨੂੰ ਨਜ਼ਰਅੰਦਾਜ਼ ਨਾ ਕਰੋ। ਸਹੀ ਸਮੇਂ ‘ਤੇ ਡਾਕਟਰੀ ਜਾਂਚ ਕਰਵਾਉਣ ਨਾਲ ਨਾ ਸਿਰਫ਼ ਜਿਗਰ ਦੀ ਬਿਮਾਰੀ ਦੀ ਸ਼ੁਰੂਆਤੀ ਪਛਾਣ ਹੋ ਸਕਦੀ ਹੈ, ਸਗੋਂ ਇਸਨੂੰ ਗੰਭੀਰ ਰੂਪ ਧਾਰਨ ਤੋਂ ਵੀ ਬਚਾਇਆ ਜਾ ਸਕਦਾ ਹੈ।