ਚੰਡੀਗੜ੍ਹ/ਜਲੰਧਰ: ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੋਂ ਪ੍ਰਵਾਸੀ ਭਾਰਤੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਆਨਲਾਈਨ ਮੀਟਿੰਗ ਦੌਰਾਨ ਮਿਸ਼ਨ ‘ਚੜ੍ਹਦੀ ਕਲਾ’ ਨੂੰ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੇ ਪ੍ਰਵਾਸੀ ਭਾਰਤੀਆਂ ਦੀ ਸਖ਼ਤ ਮਿਹਨਤ, ਲਗਨ ਅਤੇ ਵਿਦੇਸ਼ਾਂ ਵਿੱਚ ਆਪਣੀ ਪਛਾਣ ਬਣਾਉਣ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਰਤੀ ਕਦੇ ਆਪਣੀ ਮਾਤਭੂਮੀ ਨੂੰ ਨਹੀਂ ਭੁੱਲਦੇ ਅਤੇ ਹਮੇਸ਼ਾ ਆਪਣੇ ਪਿੰਡਾਂ, ਸ਼ਹਿਰਾਂ ਅਤੇ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ, ਖੇਡਾਂ ਅਤੇ ਵਿਕਾਸ ਕਾਰਜਾਂ ਨੂੰ ਉਤਸ਼ਾਹਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਮੁੱਖ ਮੰਤਰੀ ਨੇ ਦੱਸਿਆ ਕਿ ਇਹ ਐੱਨ.ਆਰ.ਆਈ. ਟਾਊਨਹਾਲ ਆਨਲਾਈਨ ਗੱਲਬਾਤ ਸੈਸ਼ਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਵੱਸਦੇ ਪ੍ਰਵਾਸੀ ਪੰਜਾਬੀਆਂ ਨੂੰ ਮਿਸ਼ਨ ‘ਚੜ੍ਹਦੀ ਕਲਾ’ ਨਾਲ ਜੋੜਨ ਲਈ ਤਿਆਰ ਕੀਤਾ ਗਿਆ। ਇਸ ਮਿਸ਼ਨ ਦਾ ਮੁੱਖ ਉਦੇਸ਼ ਪੰਜਾਬ ਦੇ ਹੜ੍ਹ ਪੀੜਤਾਂ ਲਈ ਸਹਾਇਤਾ ਪ੍ਰਦਾਨ ਕਰਨਾ ਅਤੇ ਮੁੜ-ਵਸੇਬਾ ਯਤਨਾਂ ਲਈ ਆਲਮੀ ਸਮਰਥਨ ਇਕੱਠਾ ਕਰਨਾ ਹੈ। ਮੁੱਖ ਮੰਤਰੀ ਨੇ ਪ੍ਰਵਾਸੀ ਭਾਰਤੀਆਂ ਨੂੰ ਚੱਲ ਰਹੇ ਰਿਕਵਰੀ ਪ੍ਰਾਜੈਕਟਾਂ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਸੀ.ਐੱਸ.ਆਰ. ਰਾਹੀਂ ਰੰਗਲਾ ਪੰਜਾਬ ਫੰਡ ਵਿੱਚ ਯੋਗਦਾਨ ਦੇਣ ਲਈ ਸੱਦਾ ਦਿੱਤਾ।
ਉਨ੍ਹਾਂ ਕਿਹਾ ਕਿ ‘ਚੜ੍ਹਦੀ ਕਲਾ’ ਮਿਸ਼ਨ ਇੱਕ ਐਸੀ ਪਹਿਲ ਹੈ, ਜਿਸ ਦਾ ਮਕਸਦ ਹੜ੍ਹ ਪ੍ਰਭਾਵਿਤ ਪੰਜਾਬ ਵਿੱਚ ਲੋਕਾਂ ਦੀ ਭਲਾਈ ਲਈ ਸਹਾਇਤਾ ਮੁਹੱਈਆ ਕਰਵਾਉਣਾ ਹੈ। ਕਈ ਸਮਾਜ ਸੇਵੀ ਅਤੇ ਪ੍ਰਵਾਸੀ ਭਾਰਤੀ ਪਹਿਲਾਂ ਹੀ ਇਸ ਮਿਸ਼ਨ ਦਾ ਸਮਰਥਨ ਕਰ ਰਹੇ ਹਨ। ਮੁੱਖ ਮੰਤਰੀ ਨੇ ਆਸ਼ਾ ਜ਼ਾਹਰ ਕੀਤੀ ਕਿ ਦੁਨੀਆ ਭਰ ਵਿੱਚ ਵੱਸਦੇ ਹੋਰ ਪੰਜਾਬੀ ਵੀ ਇਸ ਮੁਸੀਬਤ ਦੀ ਘੜੀ ਦੌਰਾਨ ਆਪਣੇ ਸੁਪਨੇ ਦੇ ਪੰਜਾਬ ਦੇ ਮੁੜ-ਨਿਰਮਾਣ ਲਈ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਣਗੇ। ਇਕੱਠਾ ਕੀਤੀ ਗਈ ਹਰੇਕ ਰੁਪਏ ਦੀ ਖ਼ਰਚੀ ਸੂਝ-ਬੂਝ ਨਾਲ ਹੜ੍ਹ ਪੀੜਤਾਂ ਦੀ ਭਲਾਈ ਅਤੇ ਮੁੜ-ਵਸੇਬੇ ਲਈ ਕੀਤੀ ਜਾਵੇਗੀ।
ਇਸ ਦੌਰਾਨ ਬ੍ਰਿਸਬੇਨ, ਮੈਲਬੌਰਨ, ਐਡੀਲੇਡ, ਸਿਡਨੀ, ਪਰਥ ਅਤੇ ਆਕਲੈਂਡ ਤੋਂ ਮੁੱਖ ਮੰਤਰੀ ਨਾਲ ਜੁੜੇ ਪ੍ਰਵਾਸੀ ਭਾਈਚਾਰੇ ਨੇ ਇਸ ਨੇਕ ਕਾਰਜ ਲਈ ਪੂਰਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਆਗੂਆਂ, ਉਦਯੋਗਪਤੀਆਂ, ਪੇਸ਼ੇਵਰ, ਕਾਰੋਬਾਰੀ ਮਾਲਕ, ਪੰਜਾਬੀ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਅਤੇ ਹੋਰ ਸਮਾਜਿਕ ਪ੍ਰਤੀਨਿਧੀਆਂ ਨੇ ਭਰੋਸਾ ਦਿੱਤਾ ਕਿ ਉਹ ਇਸ ਮਿਸ਼ਨ ਲਈ ਖੁੱਲ੍ਹੇ ਦਿਲ ਨਾਲ ਯੋਗਦਾਨ ਪਾਉਣਗੇ। ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜ਼ਿੰਦਗੀ ਮੁੜ ਸਧਾਰਨ ਕਰਨ ਲਈ ਮੁੱਖ ਮੰਤਰੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਸ਼ਲਾਘਾ ਵੀ ਕੀਤੀ।
ਇਸ ਮੌਕੇ ਤੇ ਕੈਬਿਨੇਟ ਮੰਤਰੀ ਅਮਨ ਅਰੋੜਾ, ਸੰਜੀਵ ਅਰੋੜਾ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਮੁੱਖ ਮੰਤਰੀ ਨੇ ਮੁੜ ਜ਼ੋਰ ਦਿਤਾ ਕਿ ਇਸ ਮਿਸ਼ਨ ਦਾ ਮਕਸਦ ਸਿਰਫ਼ ਫੰਡ ਇਕੱਠਾ ਕਰਨਾ ਨਹੀਂ, ਬਲਕਿ ਪ੍ਰਵਾਸੀ ਭਾਰਤੀਆਂ ਨੂੰ ਆਪਣੀ ਜੜ੍ਹਾਂ ਨਾਲ ਜੋੜ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਥਿਰਤਾ ਅਤੇ ਵਿਕਾਸ ਲਿਆਉਣਾ ਹੈ। ਇਸ ਮਿਸ਼ਨ ਨਾਲ ਪੰਜਾਬ ਅਤੇ ਪ੍ਰਵਾਸੀ ਭਾਰਤੀਆਂ ਦੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਣ ਦੀ ਸੰਭਾਵਨਾ ਹੈ।