ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਫਤਿਹਗੜ੍ਹ ਨਿਆੜਾ ਤੋਂ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਬੀਤੇ ਦਿਨ ਸ਼ਾਮ ਨੂੰ 35 ਸਾਲਾ ਨੌਜਵਾਨ ਬਲਜਿੰਦਰ ਸਿੰਘ, ਪੁੱਤਰ ਗੁਰਦਿਆਲ ਸਿੰਘ, ਆਪਣੇ ਦੋਸਤਾਂ ਦੇ ਨਾਲ ਪਿੰਡ ਹਰਗੜ੍ਹ ਨੇੜੇ ਭੰਗੀ ਚੋਅ ਵਿੱਚ ਆਏ ਤੀਬਰ ਪਾਣੀ ਦੇ ਵਹਾਅ ਨੂੰ ਦੇਖਣ ਗਿਆ ਸੀ। ਇਸ ਦੌਰਾਨ ਪੈਰ ਫਿਸਲਣ ਕਾਰਨ ਉਹ ਸੰਤੁਲਨ ਗੁਆ ਬੈਠਾ ਅਤੇ ਪਾਣੀ ਦੇ ਤੇਜ਼ ਧਾਰ ਵਿੱਚ ਵਹਿ ਗਿਆ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪਿੰਡ ਵਾਸੀਆਂ ਨੇ ਤੁਰੰਤ ਬਚਾਉ ਪ੍ਰਯਾਸ ਕੀਤੇ ਅਤੇ ਪੁਲਿਸ ਚੌਂਕੀ ਨਸਰਾਲਾ ਨੂੰ ਵੀ ਸੂਚਿਤ ਕੀਤਾ। ਪਰ ਰਾਤ ਦਾ ਹਨੇਰਾ ਹੋ ਜਾਣ ਕਾਰਨ ਰਾਹਤ ਕਾਰਜ ਵਿੱਚ ਬਹੁਤ ਮੁਸ਼ਕਲ ਆਈ ਅਤੇ ਉਸਨੂੰ ਤੁਰੰਤ ਬਚਾਇਆ ਨਹੀਂ ਜਾ ਸਕਿਆ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪੂਰੀ ਰਾਤ ਬੇਸਬਰੀ ਨਾਲ ਖੋਜ ਜਾਰੀ ਰੱਖੀ।
ਅੰਤ ਵਿੱਚ, ਲਗਭਗ 15 ਘੰਟਿਆਂ ਬਾਅਦ, ਅੱਜ ਸਵੇਰੇ ਖਲਵਾਨਾ ਪਿੰਡ ਦੇ ਨੇੜੇ ਚੋਅ ਵਿੱਚੋਂ ਬਲਜਿੰਦਰ ਸਿੰਘ ਦੀ ਲਾਸ਼ ਬਾਹਰ ਕੱਢੀ ਗਈ। ਲਾਸ਼ ਪਾਣੀ ਦੇ ਸਫੈਦਿਆਂ ਵਿੱਚ ਫਸੀ ਹੋਈ ਸੀ। ਪੁਲਿਸ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲਿਆ ਅਤੇ ਸਿਵਲ ਹਸਪਤਾਲ ਭੇਜ ਕੇ ਪੋਸਟਮਾਰਟਮ ਲਈ ਰੱਖਵਾ ਦਿੱਤਾ।
ਥਾਣਾ ਨਸਰਾਲਾ ਚੌਂਕੀ ਇੰਚਾਰਜ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕੱਲ੍ਹ ਹੀ ਇਸ ਘਟਨਾ ਦੀ ਸੂਚਨਾ ਮਿਲ ਗਈ ਸੀ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਗਾਤਾਰ ਖੋਜ ਜਾਰੀ ਰੱਖੀ ਗਈ। ਆਖ਼ਿਰਕਾਰ ਅੱਜ ਸਵੇਰੇ ਮ੍ਰਿਤਕ ਦੀ ਲਾਸ਼ ਮਿਲੀ।
ਇਸ ਅਚਾਨਕ ਘਟਨਾ ਨਾਲ ਪਿੰਡ ਫਤਿਹਗੜ੍ਹ ਨਿਆੜਾ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਹੋਈਆਂ ਬਾਰਸ਼ਾਂ ਕਾਰਨ ਚੋਅ ਵਿੱਚ ਪਾਣੀ ਦਾ ਵਹਾਅ ਕਾਫੀ ਤੇਜ਼ ਸੀ ਅਤੇ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਖਤਰਨਾਕ ਸਥਾਨਾਂ ਤੋਂ ਬਚਣਾ ਚਾਹੀਦਾ ਹੈ।