ਮੋਹਾਲੀ : ਮੋਹਾਲੀ ਦੇ ਫੇਜ਼-8 ਪੁਲਿਸ ਥਾਣੇ ਦੇ ਬਿਲਕੁਲ ਸਾਹਮਣੇ ਖੇਤਰ ਵਿੱਚ ਖੜ੍ਹੀਆਂ ਗੱਡੀਆਂ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਨਾਲ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਗੁਰੁਵਾਰ ਸਵੇਰੇ ਤਕਰੀਬਨ 11:35 ਵਜੇ ਘਟਨਾ ਦੀ ਸੂਚਨਾ ਮਿਲਣ ਉਪਰੰਤ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਲਗਭਗ ਅੱਧੇ ਘੰਟੇ ਦੀ ਜ਼ਬਰਦਸਤ ਜਦੋਜਹਦ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ। ਇਸ ਹਾਦਸੇ ਵਿੱਚ ਕਰੀਬ 9 ਵਾਹਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਏ।
ਫਾਇਰ ਅਫਸਰ ਸੁਰੇਸ਼ ਕੁਮਾਰ ਦੇ ਅਨੁਸਾਰ ਸਵੇਰੇ ਵਿਭਾਗ ਨੂੰ ਫੇਜ਼-8 ਪੁਲਿਸ ਥਾਣੇ ਦੇ ਸਾਹਮਣੇ ਖੇਤ ਵਿੱਚ ਖੜ੍ਹੀਆਂ ਗੱਡੀਆਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਤੁਰੰਤ ਦੋ ਫਾਇਰ ਇੰਜਣ ਮੌਕੇ ‘ਤੇ ਭੇਜੇ ਗਏ, ਪਰ ਉਸ ਸਮੇਂ ਤੱਕ 8 ਤੋਂ 9 ਵਾਹਨ ਅੱਗ ਦੀ ਲਪੇਟ ਵਿੱਚ ਆ ਚੁੱਕੇ ਸਨ। ਫਾਇਰਮੈਨਾਂ ਨੇ 30 ਮਿੰਟ ਦੀ ਲੰਬੀ ਮਿਹਨਤ ਨਾਲ ਅੱਗ ‘ਤੇ ਕਾਬੂ ਪਾਇਆ।
ਮੁੱਢਲੀ ਜਾਂਚ ਦੌਰਾਨ ਇਹ ਸੰਭਾਵਨਾ ਸਾਹਮਣੇ ਆਈ ਕਿ ਖੇਤ ਦੇ ਨੇੜੇ ਸੜਕ ਦੀ ਮੁਰੰਮਤ ਅਤੇ ਵੈਲਡਿੰਗ ਦਾ ਕੰਮ ਚੱਲ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਵੈਲਡਿੰਗ ਤੋਂ ਨਿਕਲੀ ਚਿੰਗਾਰੀ ਨੇ ਨੇੜਲੇ ਜੰਗਲੀ ਬੂਟਿਆਂ ਨੂੰ ਅੱਗ ਲਗਾ ਦਿੱਤੀ, ਜਿਸ ਕਾਰਨ ਅੱਗ ਨੇ ਗੱਡੀਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਲਾਂਕਿ ਅੱਗ ਦੇ ਸਟੀਕ ਕਾਰਨ ਦੀ ਪੁਸ਼ਟੀ ਲਈ ਜਾਂਚ ਜਾਰੀ ਹੈ।
ਜਾਣਕਾਰੀ ਮੁਤਾਬਕ, ਇਹ ਸਾਰੇ ਵਾਹਨ ਪੁਲਿਸ ਥਾਣੇ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ ਜ਼ਬਤ ਕੀਤੇ ਹੋਏ ਸਨ ਅਤੇ ਕੇਸ ਪ੍ਰਾਪਰਟੀ ਵਜੋਂ ਰੱਖੇ ਗਏ ਸਨ। ਯਾਦ ਰਹੇ ਕਿ ਇਸ ਤੋਂ ਪਹਿਲਾਂ ਵੀ ਬਲੌਂਗੀ ਪੁਲਿਸ ਥਾਣੇ ਦੇ ਬਾਹਰ ਕੇਸ ਪ੍ਰਾਪਰਟੀ ਵਜੋਂ ਖੜ੍ਹੀਆਂ ਗੱਡੀਆਂ ਅੱਗ ਨਾਲ ਸੜ ਚੁੱਕੀਆਂ ਹਨ। ਇਸ ਤਾਜ਼ਾ ਘਟਨਾ ਨੇ ਨਾ ਸਿਰਫ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕੀਤੇ ਹਨ, ਸਗੋਂ ਸ਼ਹਿਰ ਦੇ ਵਾਹਨ ਮਾਲਕਾਂ ਅਤੇ ਨਿਵਾਸੀਆਂ ਵਿਚ ਵੀ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ।