ਮੁਕੇਰੀਆਂ (ਬਲਬੀਰ): ਮੁਕੇਰੀਆਂ ਤੋਂ ਲਗਭਗ 4 ਕਿਲੋਮੀਟਰ ਦੂਰ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ‘ਤੇ ਕਸਬਾ ਐਮਾਂ ਮਾਂਗਟ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ। ਇੱਥੇ ਟਿੱਪਰ ਚਾਲਕ ਅਤੇ ਮਾਲਕ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 3 ਦਿਨਾਂ ਤੋਂ ਧਰਨੇ ‘ਤੇ ਬੈਠੇ ਹੋਏ ਸਨ।ਬੀਤੀ ਰਾਤ ਕਰੀਬ 11 ਵਜੇ ਪਠਾਨਕੋਟ ਵੱਲੋਂ ਆ ਰਹੇ ਇੱਕ ਤੇਲ ਟੈਂਕਰ ਨੇ ਅਚਾਨਕ ਕੰਟਰੋਲ ਗਵਾ ਦਿੱਤਾ ਅਤੇ ਸਿੱਧਾ ਧਰਨੇ ‘ਤੇ ਬੈਠੇ ਲੋਕਾਂ ‘ਚ ਵੱਜ ਗਿਆ। ਇਸ ਹਾਦਸੇ ‘ਚ ਉਮਰਪੁਰ ਨਿਵਾਸੀ 27 ਸਾਲਾ ਲਖਵਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਦੋ ਹੋਰ ਵਿਅਕਤੀ—ਗਗਨ ਸ਼ਰਮਾ (ਹਰੀਗੜ੍ਹ, ਬਰਨਾਲਾ) ਅਤੇ ਦਲਜੀਤ ਸਿੰਘ (ਕੁਲੀਆਂ, ਮੁਕੇਰੀਆਂ)—ਗੰਭੀਰ ਜ਼ਖ਼ਮੀ ਹੋ ਗਏ।

ਜ਼ਖ਼ਮੀਆਂ ਨੂੰ ਫੌਰੀ ਤੌਰ ‘ਤੇ ਮੁਕੇਰੀਆਂ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਗਗਨ ਸ਼ਰਮਾ ਦੀ ਗੰਭੀਰ ਹਾਲਤ ਦੇ ਚਲਦੇ ਡਾਕਟਰਾਂ ਨੇ ਉਹਨੂੰ ਅੱਗੇ ਰੈਫਰ ਕਰ ਦਿੱਤਾ।ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਟੈਂਕਰ ਦੇ ਡਰਾਈਵਰ ਨੂੰ ਵਾਹਨ ਸਮੇਤ ਕਾਬੂ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।