ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਅਤੇ ਹਿਮਾਚਲ ਪ੍ਰਦੇਸ਼ ਸਮੇਤ ਪਹਾੜੀ ਇਲਾਕਿਆਂ ਵਿੱਚ ਭਾਰੀ ਮੀਂਹ ਦੇ ਕਾਰਨ ਭਾਖੜਾ ਅਤੇ ਪੌਂਗ ਡੈਮਾਂ ਵਿੱਚ ਪਾਣੀ ਦਾ ਪੱਧਰ ਇਤਿਹਾਸਕ ਤੌਰ ‘ਤੇ ਸਭ ਤੋਂ ਵੱਧ ਦਰਜ ਕੀਤਾ ਗਿਆ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਚੇਅਰਮੈਨ ਮਨੋਜ ਤਿਪਾਠੀ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ 2023 ਅਤੇ 1988 ਤੋਂ ਬਾਅਦ ਇਸ ਸਾਲ ਡੈਮਾਂ ਵਿੱਚ ਸਭ ਤੋਂ ਵੱਧ ਪਾਣੀ ਆਇਆ ਹੈ। ਹਾਲਾਂਕਿ, ਸਮੇਂ-ਸਿਰ ਪ੍ਰਬੰਧਕੀ ਕਦਮਾਂ ਕਰਕੇ ਹਾਲਾਤਾਂ ਨੂੰ ਕਾਬੂ ਵਿੱਚ ਰੱਖਿਆ ਗਿਆ ਹੈ।
ਪੌਂਗ ਡੈਮ ‘ਚ 20% ਵੱਧ ਪਾਣੀ
BBMB ਅਨੁਸਾਰ, ਪੌਂਗ ਡੈਮ (ਬਿਆਸ ਡੈਮ) ਵਿੱਚ ਇਸ ਸਾਲ 2023 ਦੇ ਮੁਕਾਬਲੇ 20% ਵੱਧ ਪਾਣੀ ਆਇਆ ਹੈ। 6 ਅਗਸਤ ਤੋਂ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ, ਤਾਂ ਜੋ ਡੈਮ ਦੀ ਸਮਰੱਥਾ ਤੋਂ ਵੱਧ ਭਰਨ ਕਾਰਨ ਕੋਈ ਖ਼ਤਰਾ ਨਾ ਬਣੇ। ਤਿਪਾਠੀ ਨੇ ਦੱਸਿਆ ਕਿ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ 1410 ਫੁੱਟ ਤੱਕ ਪਹੁੰਚ ਗਿਆ ਹੈ, ਜਦਕਿ ਆਮ ਤੌਰ ‘ਤੇ ਇਹ 1390 ਫੁੱਟ ਰਹਿੰਦਾ ਹੈ।
ਭਾਖੜਾ ਡੈਮ ਖ਼ਤਰੇ ਦੇ ਨਿਸ਼ਾਨ ਦੇ ਨੇੜੇ
ਭਾਖੜਾ ਡੈਮ ਵਿੱਚ ਵੀ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ ਡੇਢ ਫੁੱਟ ਹੇਠਾਂ ਹੈ। ਪਾਣੀ ਦੇ ਵਹਾਅ ਵਿੱਚ ਲਗਾਤਾਰ ਵਾਧੇ ਕਾਰਨ ਚਾਰੇ ਹੜ੍ਹ ਗੇਟ 10-10 ਫੁੱਟ ਖੋਲ੍ਹ ਦਿੱਤੇ ਗਏ ਹਨ। ਇਸਦਾ ਅਸਰ ਰੂਪਨਗਰ, ਲੁਧਿਆਣਾ ਅਤੇ ਹਰੀਕੇ ਹੈੱਡਵਰਕ ਤੱਕ ਸਾਫ਼ ਨਜ਼ਰ ਆ ਰਿਹਾ ਹੈ।
ਡੈਮਾਂ ਨਾ ਹੁੰਦੇ ਤਾਂ ਜੂਨ ‘ਚ ਹੀ ਆ ਜਾਂਦਾ ਹੜ੍ਹ
ਤਿਪਾਠੀ ਨੇ ਕਿਹਾ ਕਿ ਜੇ ਡੈਮਾਂ ਦੀ ਮੌਜੂਦਗੀ ਨਾ ਹੁੰਦੀ ਤਾਂ ਜੂਨ ਮਹੀਨੇ ਤੋਂ ਹੀ ਪੰਜਾਬ ਵਿੱਚ ਹੜ੍ਹ ਆਉਣੇ ਸ਼ੁਰੂ ਹੋ ਜਾਣੇ ਸੀ ਅਤੇ ਤਬਾਹੀ ਹੋਰ ਵੀ ਵੱਡੀ ਹੋ ਸਕਦੀ ਸੀ। ਉਨ੍ਹਾਂ ਨੇ ਦੱਸਿਆ ਕਿ BBMB ਤਿੰਨ ਵੱਖ-ਵੱਖ ਮੌਸਮੀ ਏਜੰਸੀਆਂ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਹਰ ਸੰਕਟਮਈ ਘੜੀ ‘ਚ ਟੈਕਨੀਕਲ ਕਮੇਟੀ ਦੀ ਮੀਟਿੰਗ ਕੀਤੀ ਜਾਂਦੀ ਹੈ। ਇਸ ਕਮੇਟੀ ਵਿੱਚ ਸੈਂਟਰਲ ਵਾਟਰ ਕਮਿਸ਼ਨ ਤੇ ਸੂਬਿਆਂ ਦੇ ਨੁਮਾਇੰਦੇ ਵੀ ਸ਼ਾਮਲ ਹੁੰਦੇ ਹਨ।
ਸਰਕਾਰ ਨੂੰ ਕੀਤੀ ਚੇਤਾਵਨੀ
ਚੇਅਰਮੈਨ ਨੇ ਰਾਜ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਡੈਮਾਂ ਦੀ ਸਮਰੱਥਾ ਤੋਂ ਵੱਧ ਪਾਣੀ ਆਉਣ ‘ਤੇ ਉਸਨੂੰ ਛੱਡਣਾ ਲਾਜ਼ਮੀ ਹੋਵੇਗਾ। ਇਸ ਲਈ ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਨਦੀਆਂ ਤੇ ਨਾਲਿਆਂ ਦੀ ਸਮੇਂ-ਸਿਰ ਸਫ਼ਾਈ ਅਤੇ ਤਿਆਰੀ ਕਰਕੇ ਰੱਖਣ, ਤਾਂ ਜੋ ਛੱਡਿਆ ਗਿਆ ਪਾਣੀ ਕਿਸੇ ਵੱਡੇ ਸੰਕਟ ਦਾ ਕਾਰਨ ਨਾ ਬਣੇ।
ਐਨਡੀਐਰਐਫ ਦੀਆਂ ਟੀਮਾਂ ਤਾਇਨਾਤ
ਘੱਗਰ ਦਰਿਆ ਦੇ ਪਾਣੀ ਦੇ ਵੱਧਦੇ ਪੱਧਰ ਨੂੰ ਦੇਖਦੇ ਹੋਏ ਪਟਿਆਲਾ ਸਮੇਤ ਕਈ ਇਲਾਕਿਆਂ ਵਿੱਚ ਐਨਡੀਆਰਐਫ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਫਵਾਹਾਂ ਤੋਂ ਬਚਣ ਤੇ ਸਿਰਫ਼ ਅਧਿਕਾਰਤ ਜਾਣਕਾਰੀ ‘ਤੇ ਭਰੋਸਾ ਕਰਨ।
👉 ਪੰਜਾਬ ਵਿੱਚ ਹੜ੍ਹ ਦੀ ਸਥਿਤੀ ਇਸ ਵੇਲੇ ਕਾਬੂ ਹੇਠ ਹੈ, ਪਰ ਮੌਸਮ ਦੇ ਹਾਲਾਤਾਂ ‘ਤੇ ਆਉਣ ਵਾਲੇ ਦਿਨਾਂ ‘ਚ ਸਭ ਕੁਝ ਨਿਰਭਰ ਕਰਦਾ ਹੈ।