ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਸ਼ਹਿਰ ਨੇ ਸੋਮਵਾਰ ਸ਼ਾਮ ਇੱਕ ਦੁਖਦਾਈ ਮੰਜ਼ਰ ਵੇਖਿਆ, ਜਦੋਂ ਇੱਕ 25 ਸਾਲਾ ਸੈਲਾਨੀ ਦੀ ਪੈਰਾਗਲਾਈਡਿੰਗ ਦੌਰਾਨ ਜਾਨ ਚਲੀ ਗਈ। ਇਹ ਨੌਜਵਾਨ ਗੁਜਰਾਤ ਦੇ ਅਹਿਮਦਾਬਾਦ ਦਾ ਰਹਿਣ ਵਾਲਾ ਸੀ। ਹਾਦਸਾ ਧਰਮਸ਼ਾਲਾ ਨੇੜਲੇ ਇੰਦਰਨਾਗ ਇਲਾਕੇ ਵਿੱਚ ਹੋਇਆ। ਹਾਦਸੇ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।ਪੁਲਿਸ ਅਧਿਕਾਰੀ ਹਿਤੇਸ਼ ਲਖਨਪਾਲ ਨੇ ਦੱਸਿਆ ਕਿ ਹਾਦਸਾ ਟੇਕਆਫ਼ ਵੇਲੇ ਹੋਇਆ, ਜਦ ਪੈਰਾਗਲਾਈਡਰ ਠੀਕ ਤਰੀਕੇ ਨਾਲ ਹਵਾ ‘ਚ ਨਹੀਂ ਉੱਡ ਸਕਿਆ। ਕੁਝ ਦੂਰੀ ਤੱਕ ਉਡਾਣ ਭਰਨ ਤੋਂ ਬਾਅਦ ਗਲਾਈਡਰ ਜ਼ਮੀਨ ‘ਤੇ ਡਿੱਗ ਪਿਆ।
ਹਾਦਸੇ ‘ਚ ਸੈਲਾਨੀ ਸਤੀਸ਼ ਰਾਜੇਸ਼ ਭਾਈ ਅਤੇ ਪਾਇਲਟ ਸੂਰਜ ਦੋਵੇਂ ਜ਼ਖਮੀ ਹੋ ਗਏ। ਸਤੀਸ਼ ਨੂੰ ਪਹਿਲਾਂ ਧਰਮਸ਼ਾਲਾ ਦੇ ਹਸਪਤਾਲ ਅਤੇ ਫਿਰ ਟਾਂਡਾ ਮੈਡੀਕਲ ਕਾਲਜ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਸੂਰਜ ਦਾ ਇਲਾਜ ਕਾਂਗੜਾ ਦੇ ਬਾਲਾਜੀ ਹਸਪਤਾਲ ਵਿੱਚ ਚੱਲ ਰਿਹਾ ਹੈ।ਪੁਲਿਸ ਨੇ ਸਤੀਸ਼ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਹੈ ਤੇ ਪੋਸਟਮਾਰਟਮ ਮਗਰੋਂ ਲਾਸ਼ ਉਨ੍ਹਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ।
ਇੰਦਰਨਾਗ ਇਲਾਕੇ ‘ਚ ਇਹ ਛੇ ਮਹੀਨਿਆਂ ਦੇ ਅੰਦਰ ਦੂਜਾ ਪੈਰਾਗਲਾਈਡਿੰਗ ਹਾਦਸਾ ਹੈ। ਜਨਵਰੀ ਵਿੱਚ ਵੀ ਅਹਿਮਦਾਬਾਦ ਦੀ 19 ਸਾਲਾ ਲੜਕੀ ਖੁਸ਼ੀ ਭਾਵਸਰ ਦੀ ਟੇਕਆਫ਼ ਦੌਰਾਨ ਮੌਤ ਹੋ ਗਈ ਸੀ।ਹੁਣ ਪੁਲਿਸ ਜਾਂਚ ਕਰ ਰਹੀ ਹੈ ਕਿ ਕੀ ਸੁਰੱਖਿਆ ਨਿਯਮਾਂ ਦੀ ਉਲੰਘਣਾ ਹੋਈ। ਕਾਂਗੜਾ ਦੇ ਡਿਪਟੀ ਕਮਿਸ਼ਨਰ ਹੇਮਰਾਜ ਬੈਰਵਾ ਨੇ ਇਲਾਕੇ ‘ਚ 15 ਸਤੰਬਰ ਤੱਕ ਪੈਰਾਗਲਾਈਡਿੰਗ ‘ਤੇ ਪੂਰੀ ਪਾਬੰਦੀ ਲਾ ਦਿੱਤੀ ਹੈ।