ਤਪਾ ਮੰਡੀ : ਇਲਾਕੇ ਵਿੱਚ ਬੁੱਧਵਾਰ ਦੀ ਸ਼ਾਮ ਇੱਕ ਅਜਿਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਜਿਸ ਨੇ ਹਰ ਕਿਸੇ ਦੇ ਮਨ ਨੂੰ ਝੰਜੋੜ ਦਿੱਤਾ। ਜਾਣਕਾਰੀ ਮੁਤਾਬਕ ਤਹਿਸੀਲ ਕੰਪਲੈਕਸ ਦੇ ਨੇੜੇ ਰਹਿਣ ਵਾਲੇ ਇੱਕ ਗਰੀਬ ਪਰਿਵਾਰ ਦੀ ਸਿਰਫ਼ 14 ਮਹੀਨੇ ਦੀ ਮਾਸੂਮ ਬੱਚੀ ਕੀਰਤ ਕੌਰ, ਜੋ ਭੁਪਿੰਦਰ ਸਿੰਘ ਦੀ ਧੀ ਅਤੇ ਸੁਖਚੈਨ ਸਿੰਘ ਫੌਰਮੈਨ ਦੀ ਪੋਤਰੀ ਸੀ, ਖੇਡਦਿਆਂ-ਖੇਡਦਿਆਂ ਘਰ ਵਿੱਚ ਪਾਣੀ ਨਾਲ ਭਰੇ ਟੱਬ ਵਿੱਚ ਡਿੱਗ ਪਈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਬੱਚੀ ਦੀ ਮਾਂ ਜਸਪ੍ਰੀਤ ਕੌਰ ਘਰ ਦੇ ਕੰਮਾਂ ਵਿੱਚ ਰੁੱਝੀ ਹੋਈ ਸੀ ਅਤੇ ਕੱਪੜੇ ਧੋ ਰਹੀ ਸੀ।
ਪਰਿਵਾਰਿਕ ਮੈਂਬਰਾਂ ਅਨੁਸਾਰ ਬੱਚੀ ਦੀ ਵੱਡੀ ਭੈਣ, ਜੋ ਕੇਵਲ ਚਾਰ ਸਾਲ ਦੀ ਹੈ, ਨੇ ਸਭ ਤੋਂ ਪਹਿਲਾਂ ਇਹ ਵੇਖਿਆ ਅਤੇ ਤੁਰੰਤ ਆਪਣੀ ਮਾਂ ਨੂੰ ਆ ਕੇ ਦੱਸਿਆ ਕਿ ਕੀਰਤ ਟੱਬ ਵਿੱਚ ਡਿੱਗ ਗਈ ਹੈ। ਜਦੋਂ ਮਾਂ ਨੇ ਤੁਰੰਤ ਦੌੜਕੇ ਟੱਬ ਵਿੱਚ ਝਾਤੀ ਮਾਰੀ ਤਾਂ ਉਸਦਾ ਕਲੇਜਾ ਕੰਬ ਗਿਆ। ਉਸਨੇ ਘਬਰਾਹਟ ਵਿੱਚ ਬੱਚੀ ਨੂੰ ਬਾਹਰ ਕੱਢਿਆ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਸਾਰੀ ਸਥਿਤੀ ਦੱਸੀ। ਘਬਰਾਏ ਹੋਏ ਪਰਿਵਾਰ ਵਾਲੇ ਬੱਚੀ ਨੂੰ ਤੁਰੰਤ ਇੱਕ ਨੇੜਲੇ ਪ੍ਰਾਈਵੇਟ ਕਲੀਨਿਕ ਵਿੱਚ ਲੈ ਕੇ ਗਏ, ਪਰ ਡਾਕਟਰਾਂ ਨੇ ਚੈੱਕਅਪ ਕਰਨ ਤੋਂ ਬਾਅਦ ਬੱਚੀ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਅਚਾਨਕ ਵਾਪਰੀ ਦੁਖਦਾਈ ਘਟਨਾ ਨੇ ਪਰਿਵਾਰ ਦੇ ਹਰ ਮੈਂਬਰ ਨੂੰ ਗਹਿਰੇ ਸਦਮੇ ਵਿੱਚ ਛੱਡ ਦਿੱਤਾ। ਮਾਂ ਤੇ ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਘਟਨਾ ਦਾ ਪਤਾ ਲੱਗਦੇ ਹੀ ਆਸ-ਪਾਸ ਦੇ ਗੁਆਂਢੀ ਵੀ ਇਕੱਠੇ ਹੋ ਗਏ ਤੇ ਪਰਿਵਾਰ ਨੂੰ ਸੰਤਾਵਨਾ ਦਿੱਤੀ। ਪੂਰੇ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ।
ਇਹ ਮਾਸੂਮ ਜਿੰਦਗੀ ਦੇ ਅਚਾਨਕ ਖਤਮ ਹੋ ਜਾਣ ਨਾਲ ਸਿਰਫ਼ ਇੱਕ ਪਰਿਵਾਰ ਹੀ ਨਹੀਂ, ਸਗੋਂ ਪੂਰਾ ਪਿੰਡ ਦੁਖੀ ਹੋ ਗਿਆ ਹੈ।