ਮੋਹਾਲੀ : ਹਾਲ ਹੀ ਦੇ ਭਾਰੀ ਮੀਂਹ ਅਤੇ ਹੜ੍ਹਾਂ ਤੋਂ ਬਾਅਦ ਜਿੱਥੇ ਲੋਕਾਂ ਨੂੰ ਘਰ-ਮਕਾਨ ਅਤੇ ਰੋਜ਼ਗਾਰ ਦੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਹੁਣ ਸੱਪਾਂ ਦੇ ਡੰਗ ਮਾਰਨ ਦਾ ਖ਼ਤਰਾ ਵੀ ਵੱਧ ਗਿਆ ਹੈ। ਮੈਦਾਨਾਂ ਅਤੇ ਘਰਾਂ ਵਿੱਚ ਪਾਣੀ ਭਰਨ ਕਾਰਨ ਸੱਪ ਅਕਸਰ ਵੱਸਣ ਵਾਲੇ ਥਾਵਾਂ ਤੋਂ ਬਾਹਰ ਨਿਕਲ ਕੇ ਅਬਾਦੀਆਂ ਵਿੱਚ ਪਹੁੰਚ ਰਹੇ ਹਨ।
ਸਿਵਲ ਸਰਜਨ ਡਾ. ਸੰਗੀਤਾ ਜੈਨ ਨੇ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਬਰਸਾਤੀ ਮੌਸਮ ਵਿੱਚ ਸੱਪਾਂ ਦੇ ਕਟਣ ਦੀਆਂ ਘਟਨਾਵਾਂ ਆਮ ਹਨ। ਖ਼ਾਸ ਕਰਕੇ ਹੜ੍ਹਾਂ ਤੋਂ ਬਾਅਦ ਇਹ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਸੱਪ ਦੇ ਡੰਗ ਤੋਂ ਬਚਾਅ ਲਈ ਲਾਜਮੀ ਦਵਾਈ ਉਪਲੱਬਧ ਹੈ ਅਤੇ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।
ਜ਼ਹਿਰੀਲੇ ਸੱਪ ਵੀ ਵੱਡਾ ਖ਼ਤਰਾ
ਪੰਜਾਬ ਵਿੱਚ ਬੇਸ਼ਕ ਕਈ ਕਿਸਮਾਂ ਦੇ ਗੈਰ-ਜ਼ਹਿਰੀਲੇ ਸੱਪ ਮਿਲਦੇ ਹਨ, ਪਰ ਕਾਮਨ ਕਰੇਟ, ਰਸਲ ਵਾਇਪਰ ਅਤੇ ਕੋਬਰਾ ਵਰਗੇ ਜ਼ਹਿਰੀਲੇ ਸੱਪ ਵੀ ਇੱਥੇ ਮੌਜੂਦ ਹਨ। ਇਹ ਸੱਪ ਬਹੁਤ ਖ਼ਤਰਨਾਕ ਹੁੰਦੇ ਹਨ ਅਤੇ ਕਟਣ ਤੋਂ ਬਾਅਦ ਜਾਨ ਲਈ ਗੰਭੀਰ ਖ਼ਤਰਾ ਪੈਦਾ ਕਰ ਸਕਦੇ ਹਨ। ਡਾ. ਜੈਨ ਨੇ ਕਿਹਾ ਕਿ ਜੇ ਕਿਸੇ ਨੂੰ ਸੱਪ ਕਟ ਲਵੇ ਤਾਂ ਇੱਕ ਪਲ ਦੀ ਵੀ ਦੇਰੀ ਨਾ ਕਰਦੇ ਹੋਏ ਤੁਰੰਤ ਹਸਪਤਾਲ ਪਹੁੰਚਣਾ ਚਾਹੀਦਾ ਹੈ।
ਝੋਲਾਛਾਪਾਂ ਤੇ ਬਾਬਿਆਂ ਤੋਂ ਬਚੋ
ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੱਪ ਦੇ ਡੰਗਣ ’ਤੇ ਲੋਕ ਅਖੌਤੀ ਤਾਂਤਰਿਕਾਂ, ਬਾਬਿਆਂ ਜਾਂ ਝੋਲਾਛਾਪ ਡਾਕਟਰਾਂ ਕੋਲ ਨਾ ਜਾਣ। ਅਜਿਹੇ ਲੋਕਾਂ ਕੋਲ ਕੋਈ ਵਿਗਿਆਨਕ ਇਲਾਜ ਨਹੀਂ ਹੁੰਦਾ ਅਤੇ ਉਹ ਅਕਸਰ ਮਰੀਜ਼ ਦੀ ਹਾਲਤ ਹੋਰ ਵੀ ਖ਼ਤਰਨਾਕ ਬਣਾ ਦਿੰਦੇ ਹਨ। ਸਮੇਂ ਸਿਰ ਇਲਾਜ ਨਾ ਮਿਲਣ ਕਾਰਨ ਕਈ ਵਾਰ ਮਰੀਜ਼ ਦੀ ਜਾਨ ਵੀ ਚਲੀ ਜਾਂਦੀ ਹੈ।
70 ਫ਼ੀਸਦੀ ਸੱਪ ਜ਼ਹਿਰੀਲੇ ਨਹੀਂ
ਡਾ. ਜੈਨ ਨੇ ਦੱਸਿਆ ਕਿ ਲਗਭਗ 70 ਫ਼ੀਸਦੀ ਸੱਪ ਜ਼ਹਿਰੀਲੇ ਨਹੀਂ ਹੁੰਦੇ। ਇਸ ਲਈ ਸੱਪ ਦੇ ਡੰਗਣ ’ਤੇ ਮਰੀਜ਼ ਨੂੰ ਹੌਸਲਾ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਕੁਝ ਅਹਿਮ ਸਲਾਹਾਂ ਵੀ ਸਾਂਝੀਆਂ ਕੀਤੀਆਂ :
- ਸਭ ਤੋਂ ਪਹਿਲਾਂ ਡੰਗ ਵਾਲੀ ਥਾਂ ’ਤੇ ਨਿਸ਼ਾਨ ਵੇਖੋ।
- ਮਰੀਜ਼ ਨੂੰ ਸੰਤੁਲਿਤ ਰੱਖੋ ਅਤੇ ਡਰਾਉਣ ਦੀ ਬਜਾਏ ਹੌਸਲਾ ਦਿਓ।
- ਡੰਗ ਵਾਲੀ ਥਾਂ ਨੂੰ ਫਰੈਕਚਰ ਵਾਲੇ ਅੰਗ ਦੀ ਤਰ੍ਹਾਂ ਸਪੋਰਟ ਦਿਓ, ਪਰ ਏਨਾ ਜ਼ੋਰ ਨਾ ਬੰਨ੍ਹੋ ਕਿ ਖ਼ੂਨ ਦੀ ਸਪਲਾਈ ਬੰਦ ਹੋ ਜਾਵੇ।
- ਮਰੀਜ਼ ਨੂੰ ਦੌੜਣ ਨਾ ਦਿਓ ਅਤੇ ਨਾ ਹੀ ਖ਼ੁਦ ਵਾਹਨ ਚਲਾ ਕੇ ਹਸਪਤਾਲ ਜਾਣ ਦਿਓ।
- ਡੰਗ ਵਾਲੀ ਥਾਂ ਤੋਂ ਜੁੱਤੀ, ਘੜੀ, ਗਹਿਣੇ ਜਾਂ ਕੱਪੜੇ ਹਟਾ ਦਿਓ।
- ਸੱਪ ਨੂੰ ਮਾਰਨ ਜਾਂ ਫੜਨ ’ਤੇ ਸਮਾਂ ਨਾ ਖਰਚੋ, ਬਲਕਿ ਮਰੀਜ਼ ਨੂੰ ਜਲਦੀ ਤੋਂ ਜਲਦੀ ਹਸਪਤਾਲ ਲਿਜਾਓ।
ਸੱਪ ਦੇ ਡੰਗ ਦੇ ਲੱਛਣ
- ਡੰਗ ਵਾਲੀ ਥਾਂ ’ਤੇ ਤੇਜ਼ ਦਰਦ, ਸੋਜ ਜਾਂ ਜ਼ਖ਼ਮ
- ਖ਼ੂਨ ਆਉਣਾ
- ਸਾਹ ਲੈਣ, ਬੋਲਣ ਜਾਂ ਨਿਗਲਣ ਵਿੱਚ ਮੁਸ਼ਕਲ
- ਗਰਦਨ ਤੇ ਪੱਠਿਆਂ ਦੀ ਕਮਜ਼ੋਰੀ
- ਸਿਰ ਚੁੱਕਣ ਵਿੱਚ ਮੁਸ਼ਕਲ
- ਕੰਨਾਂ, ਨੱਕ ਜਾਂ ਗਲੇ ਤੋਂ ਖ਼ੂਨ ਆਉਣਾ
ਐਮਰਜੈਂਸੀ ਲਈ ਹੈਲਪਲਾਈਨ
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਜੇਕਰ ਮਰੀਜ਼ ਨੂੰ ਤੁਰੰਤ ਹਸਪਤਾਲ ਲਿਜਾਣ ਦੀ ਲੋੜ ਹੋਵੇ ਤਾਂ 108 ਨੰਬਰ ’ਤੇ ਫ਼ੋਨ ਕਰਕੇ ਐਂਬੂਲੈਂਸ ਮੰਗਵਾਈ ਜਾ ਸਕਦੀ ਹੈ।