ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਝੂਠੀਆਂ ਅਤੇ ਗੁੰਮਰਾਹ ਕਰਨ ਵਾਲੀਆਂ ਖ਼ਬਰਾਂ ਦੇ ਮੱਦੇਨਜ਼ਰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੱਲੋਂ ਸੰਗਤਾਂ ਨੂੰ ਖ਼ਾਸ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਜਾਣ ਬੁੱਝ ਕੇ ਸੋਸ਼ਲ ਮੀਡੀਆ ਰਾਹੀਂ ਇਹ ਅਫਵਾਹਾਂ ਫੈਲਾ ਰਹੇ ਹਨ ਕਿ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਪਾਣੀ ਭਰ ਗਿਆ ਹੈ ਅਤੇ ਦੋ-ਦੋ ਫੁੱਟ ਪਾਣੀ ਖੜ੍ਹਾ ਹੈ। ਗਿਆਨੀ ਜੀ ਨੇ ਸਾਫ਼ ਕੀਤਾ ਕਿ ਇਹ ਸਾਰੀਆਂ ਖ਼ਬਰਾਂ ਬਿਲਕੁਲ ਬੇਬੁਨਿਆਦ ਹਨ ਅਤੇ ਹਕੀਕਤ ਨਾਲ ਕੋਈ ਲੈਣਾ-ਦੇਣਾ ਨਹੀਂ।
ਉਨ੍ਹਾਂ ਦੱਸਿਆ ਕਿ ਸੱਚਾਈ ਇਹ ਹੈ ਕਿ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਇੱਕ ਬੂੰਦ ਵੀ ਪਾਣੀ ਨਹੀਂ ਹੈ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਸੰਗਤਾਂ ਵੱਡੀ ਗਿਣਤੀ ਵਿੱਚ ਆ ਰਹੀਆਂ ਹਨ ਅਤੇ ਸ਼ਰਧਾ ਨਾਲ ਦਰਸ਼ਨ ਕਰ ਰਹੀਆਂ ਹਨ। ਇਸ ਲਈ ਕਿਸੇ ਵੀ ਸੰਗਤ ਨੂੰ ਘਬਰਾਉਣ ਜਾਂ ਚਿੰਤਤ ਹੋਣ ਦੀ ਕੋਈ ਲੋੜ ਨਹੀਂ।
ਗਿਆਨੀ ਰਘਬੀਰ ਸਿੰਘ ਨੇ ਲੋਕਾਂ ਨੂੰ ਇਹ ਵੀ ਕਿਹਾ ਕਿ ਉਹ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਅਜਿਹੀਆਂ ਗੁੰਮਰਾਹ ਕਰਨ ਵਾਲੀਆਂ ਵੀਡੀਓਜ਼ ਅਤੇ ਫ਼ੋਟੋਆਂ ਨੂੰ ਅੱਗੇ ਨਾ ਭੇਜਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਸਮਾਂ ਆਪਸੀ ਏਕਤਾ ਅਤੇ ਭਰੋਸੇ ਨਾਲ ਖੜ੍ਹੇ ਰਹਿਣ ਦਾ ਹੈ, ਨਾ ਕਿ ਝੂਠੀਆਂ ਗੱਲਾਂ ਨੂੰ ਫੈਲਾਉਣ ਦਾ।
ਉਨ੍ਹਾਂ ਸੰਗਤਾਂ ਨੂੰ ਨਸੀਹਤ ਦਿੱਤੀ ਕਿ ਉਹ ਸਿਰਫ਼ ਦਰਬਾਰ ਸਾਹਿਬ ਦੇ ਅਧਿਕਾਰਤ ਸਰੋਤਾਂ ਅਤੇ ਭਰੋਸੇਯੋਗ ਜਾਣਕਾਰੀ ਉੱਤੇ ਹੀ ਧਿਆਨ ਧਰਣ। ਇਸ ਦੇ ਨਾਲ ਹੀ ਉਨ੍ਹਾਂ ਸੋਸ਼ਲ ਮੀਡੀਆ ‘ਤੇ ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਵੀ ਚੇਤਾਵਨੀ ਦਿੱਤੀ ਕਿ ਅਜਿਹੀ ਗ਼ਲਤ ਕਾਰਗੁਜ਼ਾਰੀ ਸਿਰਫ਼ ਲੋਕਾਂ ਨੂੰ ਬੇਵਜ੍ਹਾ ਡਰਾਉਣ ਦਾ ਸਾਧਨ ਬਣਦੀ ਹੈ।